ਭਗਵੰਤ ਮਾਨ ਦੇ ਝਾੜੂ ਚੁੱਕਦਿਆਂ ਹੀ ਅਫਸਰਾਂ ਨੇ ਅੱਖਾਂ ਬਦਲੀਆਂ
ਅਸ਼ੋਕ ਵਰਮਾ
ਬਠਿੰਡਾ, 10 ਮਾਰਚ 2022 - ਪੰਜਾਬ ’ਚ ਆਮ ਆਦਮੀ ਪਾਰਟੀ ਦੀ ਵੱਡੇ ਬਹੁਮੱਤ ਨਾਲ ਸਰਕਾਰ ਬਣਦਿਆਂ ਬਠਿੰਡਾ ਜਿਲ੍ਹੇ ’ਚ ਆਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਸ਼ਣ ਦਾ ਅਸਰ ਦਿਖਾਈ ਦੇਣ ਲੱਗਿਆ ਹੈ।ਤਾਜਾ ਮਾਮਲਾ ਜਿੱਤਣ ਵਾਲੇ ਉਮੀਦਵਾਰਾਂ ਤੇ ਜਸ਼ਨ ਮਨਾਉਣ ਲਈ ਲਾਈ ਪਾਬੰਦੀ ਨਾਲ ਜੁੜਿਆ ਹੈ ਜਿਸ ਬਾਰੇ ਬਠਿੰਡਾ ਪ੍ਰਸ਼ਾਸ਼ਨ ਨੇ ਨਤੀਜਿਆਂ ਦਾ ਐਲਾਨ ਹੁੰਦਿਆਂ ਜਿੱਤ ਦੇ ਜਲੂਸਾਂ ਤੇ ਲਾਈ ਪਾਬੰਦੀ ਵਾਪਿਸ ਲੈਣ ਦਾ ਲਿਆ ਫ਼ੈਸਲਾ ਹੈ। ਭਗਵੰਤ ਮਾਨ ਨੇ ਆਪਣੇ ਸੰਬੋਧਨ ’ਚ ਆਖਿਆ ਸੀ ਕਿ ਹੁਣ ਅਗਲੀ ਸਰਕਾਰ ਪਿੰਡਾਂ ਵਿੱਚੋਂ ਚੱਲਿਆ ਕਰੇਗੀ।
ਉਨ੍ਹਾਂ ਇਹ ਵੀ ਕਿਹਾ ਸੀ ਕਿ ਹੁਣ ਲੋਕਾਂ ਨੂੰ ਆਪਣੇ ਕੰਮ ਧੰਦੇ ਕਰਵਾਉਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪਿਆ ਕਰਨਗੇ ਬਲਕਿ ਅਫਸਰਸ਼ਾਹੀ ਤੁਹਾਡੇ ਖੁਦ ਕੰਮ ਕਰਿਆ ਕਰੇਗੀ। ਇਸ ਤੋਂ ਜਾਪਦਾ ਹੈ ਕਿ ਝਾੜੂ ਫਿਰਦਿਆਂ ਹੀ ਸਿਆਸੀ ਅੱਖਾਂ ਫਿਰਨ ਲੱਗੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀਆਂ ਖਬਰਾਂ ਆਉਣ ਲੱਗੀਆਂ ਤਾਂ ਚੱਲਦੀ ਗਿਣਤੀ ਦੌਰਾਨ ਨੌਜਵਾਨ ਪੀੜ੍ਹੀ ਨੇ ਵੱਖ ਵੱਖ ਥਾਵਾਂ ਤੇ ਜਿੱਤ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਬਿਨਾਂ ਸ਼ੱਕ ਉਨ੍ਹਾਂ ਦੇ ਉਮੀਦਵਾਰ ਹਾਰ ਵੀ ਸਕਦੇ ਸਨ ਇਸ ਦੇ ਬਾਵਜੂਦ ਬੱਕਰੇ ਬੁਲਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ।
ਵਿਧਾਨ ਸਭਾ ਹਲਕਾ ਭੁੱਚੋ ਮੰਡੀ, ਸਰਦੂਲਗੜ੍ਹ, ਬੁਢਲਾਡਾ, ਮਾਨਸਾ ਅਤੇ ਰਾਮਪੁਰਾ ਫੂਲ ਆਦਿ ’ਚ ਤਾਂ ਪਟਾਕੇ ਆਦਿ ਚਲਾਉਣ ਦੀ ਝੜੀ ਲਾ ਦਿੱਤੀ ਜਿਸ ਤੋ ਬਾਅਦ ਅਧਿਕਾਰੀਆਂ ਨੇ ਇਸ ਸਬੰਧ ’ਚ ਬਕਾਇਦਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ।ਹਾਲਾਂਕਿ ਜ਼ਿਲ੍ਹਾ ਮੈਜਿਸਟ੍ਰੇਟ ਨੇ ਜੇਤੂ ਜਲੂਸ ਦੌਰਾਨ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਸ਼ਰਤ ਲਾਈ ਹੈ ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਹਮਾਇਤੀਆਂ ਨੇ ਜਸ਼ਨ ਮਨਾਉਣ ਵੇਲੇ ਕਿਸੇ ਦੀ ਇੱਕ ਨਹੀਂ ਸੁਣੀ।
ਜਿਲ੍ਹਾ ਮੈਜਿਸਟ੍ਰੇਟ ਬਠਿੰਡਾਵਿਨੀਤ ਕੁਮਾਰ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆ ਚੋਣ ਕਮਿਸ਼ਨਰ ਭਾਰਤ ਸਰਕਾਰ ਦੇ ਪ੍ਰੈਸ ਨੋਟ ਨੰਬਰ //31/2022 ਮਿਤੀ 10-3-2022 ਅਨੁਸਾਰ ਗਿਣਤੀ ਦੌਰਾਨ ਅਤੇ ਬਾਅਦ ਵਿਚ ਜਿੱਤ ਦੇ ਜਲੂਸਾਂ ਬਾਰੇ ਦਿਸ਼ਾ-ਨਿਰਦੇਸ਼ ਵਿੱਚ ਢਿੱਲ ਦੇਣ ਦਾ ਫ਼ੈਸਲਾ ਕਰਦਿਆਂ ਜਿੱਤ ਦੇ ਜਲੂਸਾਂ ਉੱਤੇ ਲੱਗੀ ਪਾਬੰਦੀ ਨੂੰ ਵਾਪਸ ਲੈ ਲਿਆ ਹੈ। ਜੇਤੂ ਜਲੂਸ ਦੌਰਾਨ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਬਠਿੰਡਾ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿਚ ਚੋਣਾਂ ਦੇ ਨਤੀਜੇ ਆਉਣ ਉਪਰੰਤ ਜੇਤੂ ਉਮੀਦਵਾਰਾਂ ਵਲੋਂ ਇਲਾਕੇ ਵਿਚ ਕਿਸੇ ਵੀ ਪ੍ਰਕਾਰ ਦੇ ਜੇਤੂ ਜਲੂਸ ਕੱਢਣ, ਇੱਕਠ ਕਰਨ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਸਨ।