ਨਵਾਂਸ਼ਹਿਰ, 3 ਅਪ੍ਰੈਲ 2020 - ਪਦਮਸ੍ਰੀ ਭਾਈ ਨਿਰਮਲ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦਾ ਅੰਤਿਮ ਸਸਕਾਰ ਵੇਰਕਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਨਾ ਹੋਣ ਦੇਣ ਕਰਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਵਾਂ ਸ਼ਹਿਰ ਦੇ ਆਰਟੀਆਈ ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਲੁਧਿਆਣਾ ਦੇ ਕੁਲਦੀਪ ਸਿੰਘ ਖਹਿਰਾ ਅਤੇ ਸੰਗਰੂਰ ਦੇ ਡਾ ਅਮਰਜੀਤ ਸਿੰਘ ਮਾਨ ਹੋਰਾਂ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਸ਼ਿਕਾਇਤ ਭੇਜ ਕੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।
ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਮਿਤੀ 2 ਅਪ੍ਰੈਲ 2020 ਨੂੰ ਵੇਰਕਾ ਸ਼ਮਸ਼ਾਨ ਘਾਟ ਵਿਖੇ ਕੁਝ ਲੋਕਾਂ ਵੱਲੋਂ ਮਹਾਨ ਰਾਗੀ ਅਤੇ 'ਪਦਮ ਸ਼੍ਰੀ' ਸਨਮਾਨ ਨਾਲ ਸਨਮਾਨਿਤ ਭਾਈ ਨਿਰਮਲ ਸਿੰਘ ਜੀ ਦਾ ਅੰਤਿਮ ਸਸਕਾਰ ਨਹੀਂ ਹੋਣ ਦਿੱਤਾ ਗਿਆ। ਜਦੋਂ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਭਾਈ ਨਿਰਮਲ ਸਿੰਘ ਜੀ ਦੇ ਮ੍ਰਿਤਕ ਸਰੀਰ ਨੂੰ ਸ਼ਮਸ਼ਾਨਘਾਟ ਲੈ ਕੇ ਗਏ ਤਾਂ ਉੱਥੇ ਸਸਕਾਰ ਰੋਕਣ ਲਈ ਕਈ ਵਿਅਕਤੀ ਇਕੱਠੇ ਹੋਏ ਸਨ ਜਿਨ੍ਹਾਂ ਨੇ ਬਿਨਾਂ ਮਨਜ਼ੂਰੀ ਤੋਂ ਬਾਹਰ ਜਾ ਕੇ ਕਰਫਿਊ ਦੀ ਉਲੰਘਣਾ ਕੀਤੀ, ਕੋਰੋਨਾ ਵਾਇਰਸ ਦੀ ਸੰਕਟ ਵਾਲੀ ਸਥਿਤੀ ਵਿੱਚ ਡਿਊਟੀ ਨਿਭਾ ਰਹੇ ਪ੍ਰਸ਼ਾਸਨਿਕ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਕੰਮ ਵਿੱਚ ਵਿਘਨ ਪਾਇਆ ,ਸਸਕਾਰ ਉਪਰੰਤ ਬਿਮਾਰੀ ਫੈਲਣ ਸਬੰਧੀ ਝੂਠੀਆਂ ਅਫ਼ਵਾਹਾਂ ਫੈਲਾਈਆਂ , ਕੁਝ ਹੋਰ ਲੋਕਾਂ ਨੂੰ ਸਸਕਾਰ ਰੋਕਣ ਲਈ ਉਕਸਾਇਆ ਅਤੇ ਸਦਭਾਵਨਾ ਤੇ ਭਾਈਚਾਰਕ ਸਾਂਝ ਵਾਲਾ ਸਮਾਜਿਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।
ਭਾਵੇਂ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਭਾਈ ਨਿਰਮਲ ਸਿੰਘ ਜੀ ਦਾ ਹੋਰ ਥਾਂ 'ਤੇ ਸਸਕਾਰ ਕਰ ਦਿੱਤਾ ਗਿਆ ਪਰ ਇਨ੍ਹਾਂ ਵਿਅਕਤੀਆਂ ਵੱਲੋਂ ਕੀਤੇ ਜੁਰਮ ਮੁਆਫੀਯੋਗ ਨਹੀਂ ਹਨ । ਜੇਕਰ ਇਨ੍ਹਾਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਤੇ ਕਰੋਨਾ ਦੀ ਰੋਕਥਾਮ ਲਈ ਲੱਗੇ ਹੋਰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਆਉਂਣਗੀਆਂ ਅਤੇ ਉਨ੍ਹਾਂ ਦਾ ਮਨੋਬਲ ਵੀ ਡਿੱਗੇਗਾ ।
ਇਨ੍ਹਾਂ ਤੇ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਅਜਿਹੇ ਹੋਰ ਗੈਰ ਕਾਨੂੰਨੀ ਤੇ ਸਮਾਜ ਵਿਰੋਧੀ ਕੰਮ ਕਰਨ ਵਾਲੇ ਲੋਕਾਂ ਦੇ ਹੌਸਲੇ ਵਧਣਗੇ । ਵੇਰਕਾ ਪਿੰਡ ਦੀ ਸਮੂਹਿਕ ਬਦਨਾਮੀ ਰੋਕਣ ਲਈ ਵੀ ਅਸਲ ਦੋਸ਼ੀ ਵਿਅਕਤੀਆਂ ਦੀ ਪਛਾਣ ਕੀਤੀ ਜਾਣੀ ਬਹੁਤ ਜ਼ਰੂਰੀ ਹੈ।
ਪਰਵਿੰਦਰ ਸਿੰਘ ਕਿੱਤਣਾ ਨੇ ਦੱਸਿਆ ਕਿ ਦਰਖਾਸਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਾਮਵਰ ਵਕੀਲ ਹਾਕਮ ਸਿੰਘ ਅਤੇ ਕਈ ਹੋਰ ਵਿਅਕਤੀਆਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਦਿੱਤੀ ਗਈ ਹੈ। ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਵੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੇ ਮੁਕੱਦਮਾ ਦਰਜ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਵਿਭਾਗ ਦੇ ਸਕੱਤਰ ਅਤੇ ਡੀਜੀਪੀ ਪੰਜਾਬ ਨੂੰ ਵੀ ਅਲੱਗ ਸ਼ਿਕਾਇਤ ਭੇਜੀ ਗਈ ਹੈ।