ਹਰਿੰਦਰ ਨਿੱਕਾ
- ਕੋਵਿਡ-19 ਨੂੰ ਹਰਾਉਣ ਲਈ ਲੋਕਾਂ ਸਾਵਧਾਨੀਆਂ ਵਰਤਣ ਦੇ ਨਾਲ-ਨਾਲ ਸੈਂਪਿਗ ਕਰਵਾਉਣ ਨੂੰ ਦੇਣ ਤਰਜੀਹ: ਰਾਮਵੀਰ
ਸੰਗਰੂਰ, 1 ਸਤੰਬਰ 2020 - ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਚਲਾਏ ਗਏ ਮਿਸ਼ਨ ਫ਼ਤਹਿ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਮਲੇਰਕੋਟਲਾ ਵਿਖੇ ਚਲਾਏ ਗਈ ਜਾਗਰੂਕਤਾ ਮੁਹਿੰਮ ਦੇ ਚੰਗੇ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ । ਕੋਵਿਡ 19 ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ' ਚ ਕੋਵਿਡ-19 ਦੇ ਕੇਸਾਂ ਦਾ ਗੜ ਬਣਿਆ ਇਹ ਸ਼ਹਿਰ ਹੁਣ ਮਿਸਾਲ ਬਣ ਕੇ ਉੱਭਰ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਦੱਸਿਆ ਕਿ ਅੱਜ ਸਵੇਰ ਤੱਕ ਸਿਹਤ ਵਿਭਾਗ ਦੇ ਮਲੇਰਕੋਟਲਾ ਬਲਾਕ ਵਿਚ ਸਿਰਫ਼ ਤਿੰਨ ਹੀ ਐਕਟਿਵ ਕੇਸ ਬਾਕੀ ਸਨ ਜਦਕਿ ਪਿਛਲੇ ਮਹੀਨਿਆਂ ਦੌਰਾਨ ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਵੀ ਬਹੁਤ ਹੱਦ ਤੱਕ ਕਾਬੂ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਤੱਕ ਮਲੇਰਕੋਟਲਾ ਬਲਾਕ ’ਚੋਂ 374 ਪਾਜਿਟਿਵ ਕੇਸ ਰਿਪੋਰਟ ਹੋਏ ਹਨ ਜਿਨਾਂ ’ਚੋਂ 352 ਕੋਰੋਨਾਵਾਇਰਸ ਨੂੰ ਮਾਤ ਦੇ ਕੇ ਤੰਦਰੁਸਤ ਹੋ ਕੇ ਘਰਾਂ ਨੂੰ ਵੀ ਪਰਤ ਚੁੱਕੇ ਹਨ। ਉਨਾਂ ਕਿਹਾ ਕਿ ਅੱਜ ਤੱਕ ਮਲੇਰਕੋਟਲਾ ਬਲਾਕ ’ਚ 19 ਕੋਵਿਡ ਪਾਜ਼ਿਟਿਵ ਕੇਸਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਜੋ ਕਿ ਬਾਕੀ ਬਲਾਕਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ।
ਉਨ੍ਹਾਂ ਦੱਸਿਆ ਕਿ ਵਿਗੜ ਰਹੇ ਹਾਲਾਤਾਂ ਨੂੰ ਗੰਭੀਰਤਾਂ ਨਾਲ ਲੈਂਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਮਲੇਰਕੋਟਲਾ ਨਿਵਾਸੀਆਂ ਨੂੰ ਕੋਰੋਨਾਵਾਇਰਸ ਅਤੇ ਇਸਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਉਨਾਂ ਕਿਹਾ ਕਿ ਇਸ ਮੁਹਿੰਮ ’ਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਸ਼ਹਿਰ ਦੀਆਂ ਐਨ.ਜੀ.ਓਜ਼., ਡਾਕਟਰਾਂ ਤੇ ਹੋਰ ਪਤਵੰਤੇ ਸੱਜਣਾਂ ਨੂੰ ‘ਰਹਿਨੁਮਾ’ ਬਣਾ ਕੇ ਲੋਕਾਂ ’ਚ ਭੇਜਿਆ ਗਿਆ ਸੀ । ਜਿਨਾਂ ਵੱਲੋਂ ਜਾਗਰੂਕਤਾ ਦੇ ਨਾਲ-ਨਾਲ ਮਾਸਕ ਤੇ ਸੈਨੇਟਾਈਜ਼ਰ ਵੰਡ ਕੇ ਲੋਕਾਂ ਨੂੰ ਇਸਦੀ ਵਰਤੋਂ ਲਈ ਪ੍ਰੇਰਿਤ ਕੀਤਾ ਸੀ।
ਰਾਮਵੀਰ ਨੇ ਦੱਸਿਆ ਕਿ ਮਲੇਰਕੋਟਲਾ ਬਲਾਕ ’ਚੋਂ ਰੋਜ਼ਾਨਾ ਤਕਰੀਬਨ 100 ਸੈਂਪਲ ਲਏ ਜਾ ਰਹੇ ਹਨ ਜੋ ਕਿ ਸਿਹਤ ਵਿਭਾਗ ਦੇ ਬਲਾਕਾਂ ’ਚੋਂ ਸਭ ਤੋਂ ਜ਼ਿਆਦਾ ਸੈਂਪਲ ਲੈਣ ਵਾਲੇ ਬਲਾਕਾਂ ’ਚੋਂ ਇੱਕ ਹੈ ਪਰ ਲੋਕਾਂ ਵੱਲੋਂ ਦਿੱਤੇ ਗਏ ਸਾਥ ਸਦਕਾ ਹੁਣ ਇੱਥੇ ਪਾਜ਼ਿਟਿਵ ਆਉਣ ਵਾਲੇ ਮਰੀਜ਼ਾਂ ਦੀ ਤਾਦਾਦ ਬਹੁਤ ਘੱਟ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਲੇਰਕੋਟਲਾ ਵਾਸੀਆਂ ਦੇ ਨਾਲ-ਨਾਲ ਫੈਕਟਰੀਆਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਵੀ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨਾਂ ਦੱਸਿਆ ਕਿ ਇਸ ਸਫ਼ਲਤਾ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਨਾਲ ਸਿਹਤ ਵਿਭਾਗ ਦੀਆਂ ਟੀਮਾਂ, ਜ਼ਿਲਾ ਪ੍ਰਸ਼ਾਸਨ ਵੱਲੋਂ ਬਣਾਏ ਗਏ ‘ਰਹਿਨੁਮਾ’ ਅਤੇ ਆਮ ਲੋਕ ਸ਼ਾਬਾਸ਼ੀ ਦੇ ਹੱਕਦਾਰ ਹਨ।
ਇਸ ਮੌਕੇ ਐਸ.ਐਮ.ਓ. ਮਲੇਰਕੋਟਲਾ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ-19 ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਦੀ ਸਖ਼ਤ ਲੋੜ ਹੈ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਇੱਕ ਵੀ ਲੱਛਣ ਸਾਹਮਣੇ ਆਉਣ ’ਤੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਾਕੀਆਂ ਤੋਂ ਵੱਖਰਾ ਕਰ ਲੈਣਾ ਚਾਹੀਦਾ ਹੈ ਅਤੇ ਉਸ ਤੋਂ ਤੁਰੰਤ ਬਾਅਦ ਸਿਹਤ ਵਿਭਾਗ ਨਾਲ ਰਾਬਤਾ ਕਰਕੇ ਸੈਂਪਲਿੰਗ ਕਰਵਾਉਣੀ ਚਾਹੀਦੀ ਹੈ।