ਅਸ਼ੋਕ ਵਰਮਾ
- ਲੋਕ ਬਿਨਾਂ ਕਿਸੇ ਡਰ ਤੋਂ ਸੈਂਪਲਿੰਗ ਕਰਵਾਉਣ: ਡਾ. ਰਾਏ
ਮਾਨਸਾ/ਬੁਢਲਾਡਾ, 24 ਅਗਸਤ 2020 - ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਅਤੇ ਸਿਵਲ ਸਰਜਨ ਡਾ. ਜੀ.ਬੀ. ਸਿੰਘ ਦੀ ਸਰਪਰਸਤੀ ਹੇਠ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਭਰ ਅੰਦਰ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸੈਂਪਲਿੰਗ ਪ੍ਰਕਿਰਿਆ ਜਾਰੀ ਹੈ। ਜ਼ਿਲ੍ਹਾ ਪੇਸ਼ੈਂਟ ਟਰੈਕਿੰਗ ਅਫ਼ਸਰ-ਕਮ-ਐਸ.ਡੀ.ਐਮ. ਬੁਢਲਾਡਾ ਸਾਗਰ ਸੇਤੀਆ ਦੀ ਅਗਵਾਈ ’ਚ ਸਬ-ਡਵੀਜ਼ਨ ਬੁਢਲਾਡਾ ਦੇ ਪਿੰਡਾਂ ਅੰਦਰ ਜਾਰੀ ਸੈਂਪਲਿੰਗ ਦੇ ਕਾਰਜ ਤਹਿਤ ਅੱਜ ਜ਼ਿਲ੍ਹਾ ਸੈਂਪਲਿੰਗ ਟੀਮ ਦੇ ਇੰਚਾਰਜ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਪਿੰਡ ਕਣਕਵਾਲ ਚਹਿਲਾਂ ਵਿਖੇ 42 ਸੈਂਪਲ ਲਏ ਗਏ।
ਇਨ੍ਹਾਂ ਵਿਚੋਂ 9 ਸੈਂਪਲ ਐਟੀਜਨ ਤਕਨੀਕ ਰਾਹੀਂ ਟੈਸਟ ਕੀਤੇ ਗਏ ਅਤੇ ਬਾਕੀ ਚੈਕਿੰਗ ਲਈ ਪਟਿਆਲਾ ਵਿਖੇ ਭੇਜੇ ਗਏ। ਮੌਕੇ ਤੇ ਲਏ 9 ਸੈਂਪਲਾਂ ਵਿਚੋਂ 3 ਕੋਰੋਨਾ ਪਾਜ਼ੀਟਿਵ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਆਈਆਂ ਨਵੀਆਂ ਹਦਾਇਤਾਂ ਅਨੁਸਾਰ ਮੌਕੇ ਤੇ ਮੈਡੀਕਲ ਚੈੱਕਅਪ ਕਰਵਾ ਕੇ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਡਾ. ਰਾਏ ਨੇ ਨਵੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲ ਵਿਚ ਸਿਰਫ 60 ਸਾਲ ਤੋਂ ਉੱਪਰ ਵਾਲੇ ਵਿਅਕਤੀ, ਗਰਭਵਤੀ ਔਰਤਾਂ, ਬਲੱਡ ਪ੍ਰੈਸ਼ਰ, ਸ਼ੂਗਰ, ਪੁਰਾਣੀ ਸਾਹ ਦੀ ਤਕਲੀਫ, ਕੈਂਸਰ, ਐਚ.ਆਈ.ਵੀ, ਕਿਸੇ ਲੰਮੀ ਬਿਮਾਰੀ ਤੋਂ ਪੀੜਤ ਅਤੇ ਫਲੂ ਬੁਖਾਰ (ਬੁਖ਼ਾਰ, ਖੰਘ, ਜ਼ੁਕਾਮ, ਗਲਾ ਖਰਾਬ, ਸਾਹ ਲੈਣ ਵਿਚ ਤਕਲੀਫ਼) ਦੇ ਲੱਛਣਾਂ ਵਾਲੇ ਵਿਅਕਤੀ ਜਾਂ ਜਿਨ੍ਹਾਂ ਦੇ ਘਰ ਅਲੱਗ ਰਹਿਣ ਦੀ ਸੁਵਿਧਾ ਨਾ ਹੋਵੇ, ਹੀ ਦਾਖਲ ਕੀਤੇ ਜਾਣਗੇ।
ਬਾਕੀਆਂ ਨੂੰ ਰੈਪਿਡ ਰਿਸਪੌਂਸ ਟੀਮ ਦੁਆਰਾ ਨਿਰੀਖਣ ਕਰਨ ਤੋਂ ਬਾਅਦ ਉਨ੍ਹਾਂ ਕੋਲੋਂ ਸਵੈ ਘੋਸ਼ਣਾ ਪੱਤਰ ਲੈ ਕੇ ਹੋਮ ਆਈਸੋਲੇਸ਼ਨ ਦੀਆਂ ਹਦਾਇਤਾਂ ਸਮਝਾ ਕੇ ਅਤੇ ਸੈਂਪਲਿੰਗ ਦੀ ਮਿਤੀ ਤੋਂ ਲੈ ਕੇ ਅਗਲੇ 17 ਦਿਨ ਤੱਕ ਘਰ ਰਹਿਣਾ ਹੋਵੇਗਾ। ਹਰੇਕ ਪਾਜ਼ਿਟੀਵ ਮਰੀਜ਼ ਨੂੰ ਹਸਪਤਾਲ ਦਾਖਲ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾ ਕਿਸੇ ਡਰ ਤੋਂ ਲੋਕ ਸੈਂਪਲਿੰਗ ਕਰਵਾ ਕੇ ਡਰ ਮੁਕਤ ਹੋਣ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਇਸ ਮਹਾਂਮਾਰੀ ਨੂੰ ਕੰਟਰੋਲ ਕੀਤਾ ਜਾ ਸਕੇ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼, ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਅਰਸ਼ਦੀਪ , ਜ਼ਿਲ੍ਹਾ ਸਰਵੀਲੈਂਸ ਅਫ਼ਸਰ ਡਾ. ਵਿਸ਼ਵਜੀਤ ਖੰਡਾ, ਸਿਹਤ ਇੰੰਸਪੈਕਟਰ ਭੁਪਿੰਦਰ ਸਿੰਘ, ਸੁਪਰਵਾਇਜਰ ਭੁਪਿੰਦਰ ਕੁਮਾਰ, ਵਿਸ਼ਾਲ ਕੁਮਾਰ, ਨਵਦੀਪ ਕਾਠ, ਸਨੀ ਕੁਮਾਰ ਆਦਿ ਨੇ ਸਹਿਯੋਗ ਕੀਤਾ।