ਮਿੱਤਰ ਸੈਨ ਸ਼ਰਮਾ
ਮਾਨਸਾ, 10 ਮਈ 2020 - ਜ਼ਿਲ੍ਹਾ ਮਾਨਸਾ 'ਚ 12 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ । ਇਹ ਪੀੜਤ ਵਿਅਕਤੀ ਜ਼ਿਲ੍ਹਾ ਮਾਨਸਾ ਦੀ ਸਬ–ਡਵੀਜ਼ਨ ਬੁਢਲਾਡਾ ਤੋਂ ਹਨ। ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 33 ਹੋ ਗਈ ਹੈ।
ਜਿੰਨ੍ਹਾਂ ਨੂੰ ਆਈਸੋਲੇਸ਼ਨ ਸੈਂਟਰ ਮਾਨਸਾ ਵਿਖੇ ਇਲਾਜ਼ ਲਈ ਲਿਆਇਆ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਡਾ: ਲਾਲ ਚੰਦ ਠਕਰਾਲ ਨੇ ਦੱਸਿਆ ਕਿ ਇੰਨ੍ਹਾਂ ਮਰੀਜ਼ਾਂ ਵਿੱਚ 4 ਪੁਲਿਸ ਮੁਲਾਜ਼ਮ, 5 ਮਜ਼ਦੂਰ ਅਤੇ 3 ਵਿਦਿਆਰਥੀ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਜੋ ਮਜ਼ਦੂਰ ਕੋਰੋਨਾ ਪਾਜ਼ਿਟੀਵ ਪਾਏ ਗਏ ਹਨ, ਉਨ੍ਹਾਂ ਵਿੱਚੋਂ 3 ਰਾਜਸਥਾਨ, 1 ਮੱਧ ਪ੍ਰਦੇਸ਼ ਅਤੇ 1 ਮਜ਼ਦੂਰ ਹਰਿਆਣਾ ਰਾਜ ਨਾਲ ਸਬੰਧਿਤ ਹੈ। ਡਾ. ਠਕਰਾਲ ਨੇ ਦੱਸਿਆ ਕਿ ਉੱਧਰ ਦੂਜੇ ਪਾਸੇ ਸਿਵਲ ਹਸਪਤਾਲ ਵਿਖੇ ਇਲਾਜ਼ ਕਰਵਾ ਰਹੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿੱਚੋਂ 2 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿੰਨ੍ਹਾਂ ਨੂੰ ਸਿਵਲ ਹਸਪਤਾਲ ਵਿੱਚੋਂ ਜਲਦ ਹੀ ਛੁੱਟੀ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ 12 ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਹੁਣ ਮਾਨਸਾ ਜ਼ਿਲ੍ਹੇ ਵਿੱਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੱਧ ਕੇ 33 ਹੋ ਗਈ ਹੈ, ਜਿੰਨ੍ਹਾਂ ਵਿੱਚੋਂ 8 ਮਰੀਜ਼ਾਂ ਦੇ ਤੰਦਰੁਸਤ ਹੋਣ ਉਪਰੰਤ ਮੌਜ਼ੂਦਾ ਸਮੇਂ ਸਿਵਲ ਹਸਪਤਾਲ ਮਾਨਸਾ ਵਿਖੇ 25 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ। ਡਾ. ਠਕਰਾਲ ਨੇ ਦੱਸਿਆ ਕਿ ਨਵੇਂ ਕੋਰੋਨਾ ਪਾਜ਼ੇਟਿਵ ਆਏ ਮਜ਼ਦੂਰ ਅਤੇ ਵਿਦਿਆਰਥੀ ਪਹਿਲਾਂ ਤੋਂ ਹੀ ਘਰ ਵਿੱਚ ਇਕਾਂਤਵਾਸ ਵਿੱਚ ਰੱਖੇ ਹੋਏ ਸਨ ਅਤੇ ਹੁਣ ਇੰਨ੍ਹਾਂ ਨੂੰ ਆਈਸੋਲੇਸ਼ਨ ਸੈਂਟਰ ਮਾਨਸਾ ਵਿਖੇ ਲਿਆਇਆ ਜਾ ਰਿਹਾ ਹੈ, ਜਿੱਥੇ ਸੀਨੀਅਰ ਮੈਡੀਕਲ ਅਫ਼ਸਰ ਡਾ: ਅਸ਼ੋਕ ਕੁਮਾਰ ਦੀ ਦੇਖ–ਰੇਖ 'ਚ ਮਾਹਿਰ ਡਾਕਟਰਾਂ ਵੱਲੋਂ ਇੰਨ੍ਹਾਂ ਦਾ ਇਲਾਜ਼ ਕੀਤਾ ਜਾਵੇਗਾ।