ਹਰਦਮ ਮਾਨ
ਸਰੀ, 10 ਅਪ੍ਰੈਲ 2020 - ਮਾਰਚ ਮਹੀਨੇ ਵਿੱਚ ਕੋਵਿਡ-19 ਦੇ ਦੈਂਤ ਨੇ ਕੈਨੇਡਾ ਦੇ 1,011,000 ਲੋਕਾਂ ਦਾ ਰੁਜ਼ਗਾਰ ਨਿਗਲ ਲਿਆ ਹੈ, ਜਿਸ ਨਾਲ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ 7.8 ਪ੍ਰਤੀਸ਼ਤ ਤੇ ਪੁੱਜ ਗਈ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ ਰਾਸ਼ਟਰੀ ਬੇਰੁਜ਼ਗਾਰੀ ਦਰ ਵਿੱਚ 2.2 ਪ੍ਰਤੀਸ਼ਤ-ਪੁਆਇੰਟ ਦਾ ਵਾਧਾ ਪਿਛਲੇ 40 ਸਾਲਾਂ ਦੌਰਾਨ ਕਿਸੇ ਇਕ ਮਹੀਨੇ ਵਿਚ ਹੋਇਆ ਸਭ ਤੋਂ ਵੱਡਾ ਵਾਧਾ ਹੈ ਜਿਸ ਨਾਲ ਬੇਰੁਜ਼ਗਾਰੀ ਦੀ ਦਰ ਅਕਤੂਬਰ 2010 ਦੇ ਪੱਧਰ ਤੇ ਆ ਗਈ ਹੈ।
ਰਾਸ਼ਟਰੀ ਅੰਕੜਾ ਦਫਤਰ ਦਾ ਕਹਿਣਾ ਹੈ ਕਿ ਲੇਬਰ ਫੋਰਸ ਦੇ ਸਰਵੇਖਣ ਹਫਤੇ ਦੌਰਾਨ ਇਕ ਵੀ ਘੰਟਾ ਕੰਮ ਨਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ 1.3 ਮਿਲੀਅਨ ਦਾ ਵਾਧਾ ਹੋਇਆ ਹੈ, ਜਦੋਂਕਿ ਆਮ ਘੰਟਿਆਂ ਦੇ ਅੱਧੇ ਤੋਂ ਵੀ ਘੱਟ ਕੰਮ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 800,000 ਵਧੀ ਹੈ। ਘੰਟਿਆਂ ਵਿੱਚ ਹੋਈਆਂ ਤਬਦੀਲੀਆਂ ਦਾ ਕਾਰਨ ਕੋਵਿਡ-19 ਨੂੰ ਮੰਨਿਆ ਜਾ ਸਕਦਾ ਹੈ, ਕਿਉਂਕਿ ਸਰਕਾਰਾਂ ਨੇ ਕਾਰੋਬਾਰ ਬੰਦ ਕਰਨ ਅਤੇ ਕਾਮਿਆਂ ਨੂੰ ਮਹਾਂਮਾਰੀ ਦੇ ਫੈਲਾਅ ਨੂੰ ਘੱਟ ਕਰਨ ਲਈ ਘਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਹਨ।
ਰੁਜ਼ਗਾਰ ਦੇ ਮੌਕਿਆਂ ਵਿਚ ਆਈ ਕਮੀ ਸਾਰੇ ਸੂਬਿਆਂ ਵਿੱਚ ਹੀ ਦੇਖੀ ਗਈ ਹੈ ਪਰ ਓਨਟਾਰੀਓ, ਕਿਊਬਿਕ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਇਸ ਦਾ ਅਸਰ ਸਭ ਤੋਂ ਵਧੇਰੇ ਹੈ। ਓਨਟਾਰੀਓ ਵਿੱਚ 403,000 ਨੌਕਰੀਆਂ ਘਟੀਆਂ ਹਨ, ਕਿਊਬਿਕ ਵਿੱਚ 264,000, ਬੀ.ਸੀ. ਇਕ ਮਹੀਨੇ ਪਹਿਲਾਂ ਦੇ ਮੁਕਾਬਲੇ 132,000 ਨੌਕਰੀਆਂ ਦੀ ਗਿਰਾਵਟ ਦੇਖੀ ਗਈ ਹੈ ਅਤੇ ਅਲਬਰਟਾ ਵਿਚ 117,000 ਨੌਕਰੀਆਂ ਦੀ ਘਾਟ ਹੋਈ ਹੈ।
ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਨੁਕਸਾਨ ਨਿੱਜੀ ਸੈਕਟਰ ਵਿਚ ਹੋਇਆ, 15 ਤੋਂ 24 ਸਾਲ ਦੇ ਨੌਜਵਾਨਾਂ ਲਈ ਰੁਜ਼ਗਾਰ ਦੀ ਸਭ ਤੋਂ ਵੱਡੀ ਗਿਰਾਵਟ ਆਈ ਹੈ ਅਤੇ ਮਾਰਚ ਵਿਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 16.8 ਫੀਸਦ ਹੋ ਗਈ ਜੋ ਕਿ ਜੂਨ 1997 ਤੋਂ ਬਾਅਦ ਦੀ ਸਭ ਤੋਂ ਵੱਧ ਹੈ।
ਅਰਥ-ਸ਼ਾਸਤਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਏਜੰਸੀ ਅਪ੍ਰੈਲ ਮਹੀਨੇ ਦੇ ਰੁਜ਼ਗਾਰ ਅੰਕੜੇ ਇਕੱਠੇ ਕਰਨਾ ਸ਼ੁਰੂ ਕਰੇਗੀ ਤਾਂ ਬੇਰੁਜ਼ਗਾਰੀ ਦੀ ਸਥਿਤੀ ਹੋਰ ਵੀ ਖ਼ਰਾਬ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਏਜੰਸੀ ਨੇ ਵੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਮਾਰਚ ਵਿੱਚ ਅਚਾਨਕ ਰੁਜ਼ਗਾਰ ਵਿੱਚ ਆਈ ਗਿਰਾਵਟ ਆਉਣ ਵਾਲੇ ਮਹੀਨਿਆਂ ਵਿਚ ਕੈਨੇਡੀਅਨ ਆਰਥਿਕਤਾ ਦੀ ਕਾਰਗੁਜ਼ਾਰੀ‘ ਤੇ ਮਹੱਤਵਪੂਰਨ ਪ੍ਰਭਾਵ ਪਾਏਗੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com