ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਕਾਰਨ ਦੋ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ 20 ਕੇਸ ਪਾਜ਼ੀਟਿਵ ਵੀ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ 8 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 2 ਕੇਸ ਮਲੋਟ, 2 ਕੇਸ ਕਿੱਲਿਆਂਵਾਲੀ, 1 ਕੇਸ ਹਾਕੂਵਾਲਾ, 1 ਕੇਸ ਘੁਮਿਆਰਾ, 1 ਕੇਸ ਰੱਤਾ ਟਿੱਬਾ, 1 ਕੇਸ ਰੋਡੇਵਾਲਾ, 1 ਕੇਸ ਹਰੀਕੇ ਕਲਾਂ, 1 ਕੇਸ ਕਾਉਣੀ, 1 ਕੇਸ ਪਿੰਡ ਮਲੋਟ ਤੇ 1 ਕੇਸ ਪਿੰਡ ਖੁੰਨਣ ਕਲਾਂ ਤੋਂ ਸਬੰਧਿਤ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 20 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 192 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 266 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 236 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 3015 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ 2800 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 152 ਕੇਸ ਐਕਟਿਵ ਚੱਲ ਰਹੇ ਹਨ।
ਵਿਅਕਤੀ ਤੇ ਔਰਤ ਦੀ ਹੋਈ ਕੋਰੋਨਾ ਨਾਲ ਮੌਤ
ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਨਾ ਦੋ ਹੋਰ ਮੌਤਾਂ ਹੋ ਗਈਆਂ ਹਨ। ਮਿ੍ਰਤਕਾਂ ਵਿੱਚ ਇੱਕ ਵਿਅਕਤੀ ਤੇ ਇੱਕ ਔਰਤ ਸ਼ਾਮਲ ਹੈ। ਪਹਿਲਾ ਮ੍ਰਿਤਕ 66 ਸਾਲਾ ਵਿਅਕਤੀ ਸੀ, ਜੋ ਜ਼ਿਲ੍ਹੇ ਦੇ ਪਿੰਡ ਖੁੰਨਣ ਕਲਾਂ ਦਾ ਵਾਸੀ ਸੀ, ਜੋ ਕੋਰੋਨਾ ਪਾਜ਼ੇਟਿਵ ਸੀ ਤੇ ਘਰ ’ਚ ਹੀ ਆਈਸੂਲੇਟ ਚੱਲ ਰਿਹਾ ਸੀ। ਮਿ੍ਰ੍ਰਤਕ ਸ਼ੂਗਰ ਤੇ ਬਲੱਡ ਪ੍ਰੈਸ਼ਰ ਤੋਂ ਪੀੜ੍ਹਤ ਸੀ, ਜਿਸਦੀ ਅੱਜ ਮੌਤ ਹੋ ਗਈ ਹੈ। ਦੂਜੀ ਮਿ੍ਰਤਕ ਔਰਤ ਸੀ, ਜਿਸਦੀ ਉਮਰ ਕਰੀਬ 65 ਸਾਲ ਸੀ ਤੇ ਇਹ ਮ੍ਰਿਤਕਾ ਮਲੋਟ ਨਾਲ ਸਬੰਧਿਤ ਸੀ, ਜੋ ਸ਼ੂਗਰ ਤੋਂ ਪੀੜ੍ਹਤ ਸੀ ਤੇ ਕੋਰੋਨਾ ਪਾਜ਼ੀਟਿਵ ਵੀ ਚੱਲ ਰਹੀ ਸੀ, ਜੋ ਇਲਾਜ ਲਈ ਫਰੀਦਕੋਟ ਵਿਖੇ ਦਾਖ਼ਲ ਸੀ, ਜਿਸਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 63 ਹੋ ਗਈ ਹੈ।