ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਫ਼ਿਰ ਸ੍ਰੀ ਮੁਕਤਸਰ ਸਾਹਿਬ ਦੀਆਂ ਵਾਸੀਆਂ ਦੋ ਬੀਬੀਆਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ, ਜਦੋਂਕਿ ਦੂਜੇ ਪਾਸੇ 88 ਨਵੇਂ ਕੇਸਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 20 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 35 ਕੇਸ ਜ਼ਿਲ੍ਹਾ ਜੇਲ੍ਹ, 5 ਕੇਸ ਮਲੋਟ, 7 ਕੇਸ ਗਿੱਦੜਬਾਹਾ, 1 ਕੇਸ ਜੱਸੇਆਣਾ, 1 ਕੇਸ ਸਦਰਵਾਲਾ, 1 ਕੇਸ ਗਿਲਜੇਵਾਲਾ, 1 ਕੇਸ ਕੋਟਭਾਈ, 3 ਕੇਸ ਬਰੀਵਾਲਾ, 1 ਕੇਸ ਡੋਡਾਂਵਾਲੀ, 2 ਕੇਸ ਦੋਦਾ, 1 ਕੇਸ ਲੰਬੀ, 1 ਕੇਸ ਬਾਦਲ, 3 ਕੇਸ ਥਾਂਦੇਵਾਲਾ, 1 ਕੇਸ ਝਬੇਲਵਾਲੀ, 3 ਕੇਸ ਮਾਨ ਸਿੰਘ ਵਾਲਾ ਤੇ 1 ਕੇਸ ਮੌੜ ਨਾਲ ਸਬੰਧਿਤ ਹੈ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 73 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 185 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1192 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 287 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 2353 ਹੋ ਗਿਆ ਹੈ, ਜਿਸ ਵਿੱਚੋਂ 1649 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 669 ਕੇਸ ਐਕਟਿਵ ਹਨ।
ਕੋਰੋਨਾ ਕਰਕੇ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਰਹਿਣ ਵਾਲੀਆਂ ਦੋ ਬੀਬੀਆਂ ਦੀ ਮੌਤ ਹੋ ਗਈ ਹੈ। ਦੋਵਾਂ ਮਿ੍ਰਤਕ ਔਰਤਾਂ ਦੀ ਉਮਰ 50-50 ਸਾਲ ਸੀ। ਪਹਿਲੀ ਮਿ੍ਰਤਕ ਗੋਨਿਆਣਾ ਰੋਡ ਤੇ ਦੂਜੀ ਮਿ੍ਰਤਕਾ ਗਾਂਧੀ ਨਗਰ ਦੀ ਰਹਿਣ ਵਾਲੀ ਸੀ। ਦੋਵਾਂ ਨੂੰ ਸਾਹ ਦੀ ਤਕਲੀਫ ਸੀ ਤੇ ਦੋਵੇਂ ਫਰੀਦਕੋਟ ਦੇ ਨਿੱਜੀ ਹਸਪਤਾਲ ਤੇ ਡੀਐਮਸੀ ਲੁਧਿਆਣਾ ਵਿਖੇ ਦਾਖ਼ਲ ਸਨ, ਜਿੰਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿੰਨ੍ਹਾਂ ਦੋਵਾਂ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ।