ਭਾਵਨਾ ਗੁਪਤਾ, ਗੈਸਟ ਰਿਪੋਰਟਰ
- ਹਾਦਸੇ 'ਚ ਫੱਟੜ ਹੋਕੇ ਰਾਜਿੰਦਰਾ ਹਸਪਤਾਲ 'ਚ ਦਾਖਲ ਮਰੀਜ ਕੋਵਿਡ ਪਾਜ਼ੀਟਿਵ ਆਇਆ ਸੀ
- ਕੋਵਿਡ ਪਾਜ਼ੀਟਿਵ ਆਏ ਜੂਨੀਅਰ ਰੈਜੀਡੈਂਟ ਡਾਕਟਰ ਕੋਵਿਡ ਵਾਰਡ 'ਚ ਮਰੀਜਾਂ ਦੀ ਸੇਵਾ 'ਚ ਤਤਪਰ
ਪਟਿਆਲਾ, 26 ਅਗਸਤ 2020 - ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਹੱਡੀਆਂ ਦੇ ਵਿਭਾਗ ਦੇ ਡਾਕਟਰਾਂ ਨੇ ਅੱਜ ਇੱਥੇ ਐਮ.ਸੀ.ਐਚ. ਕੋਵਿਡ ਵਾਰਡ ਵਿਖੇ ਦਾਖਲ ਕੋਰੋਨਾ ਪਾਜ਼ੀਟਿਵ ਇੱਕ 45 ਸਾਲਾ ਮਰੀਜ਼ ਦੀ ਕਿਸੇ ਹਾਦਸੇ 'ਚ ਟੁੱਟੀ ਹੋਈ ਲੱਤ ਦੀ ਹੱਡੀ ਜੋੜ ਕੇ ਪਲਸਤਰ ਲਗਾਇਆ ਹੈ। ਦੋ ਦਿਨ ਪਹਿਲਾਂ ਇੱਕ ਹਾਦਸੇ 'ਚ ਜਖ਼ਮੀ ਹੋਇਆ ਮਰੀਜ਼ ਗੌਰੀ ਸ਼ੰਕਰ ਹਸਪਤਾਲ ਦੀ 8 ਨੰਬਰ ਵਾਰਡ 'ਚ ਦਾਖਲ ਸੀ ਪਰੰਤੂ ਇਸ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਉਣ ਬਾਅਦ ਇਸਨੂੰ ਕੋਵਿਡ ਵਾਰਡ 'ਚ ਤਬਦੀਲ ਕਰ ਦਿੱਤਾ ਗਿਆ।
ਕੋਵਿਡ ਵਾਰਡ 'ਚ ਮੈਡੀਕਲ ਕਾਲਜ ਤੇ ਹਸਪਤਾਲ ਦੀ ਫੈਕਲਿਟੀ ਦੇ ਸੀਨੀਅਰ ਮੈਂਬਰ ਡਾ. ਅਮਨਦੀਪ ਸਿੰਘ ਬਖ਼ਸ਼ੀ ਨੇ ਗੌਰੀ ਸ਼ੰਕਰ ਦੀ ਲੱਤ ਦੀ ਟਿਬੀਆ ਫਿਬੁਲਾ ਹੱਡੀ ਜੋੜ ਕੇ ਪਲਸਤਰ ਲਗਾਇਆ। ਡਾ. ਬਖ਼ਸ਼ੀ ਦੇ ਨਾਲ ਇਸੇ ਵਾਰਡ 'ਚ ਕੋਵਿਡ ਪਾਜ਼ੀਟਿਵ ਮਰੀਜ ਵਜੋਂ ਦਾਖਲ ਆਰਥੋ ਵਿਭਾਗ ਦੇ ਸੀਨੀਅਰ ਰੈਜੀਡੈਂਟ ਡਾਕਟਰ ਦੀਪਕ ਨੇ ਸਹਾਇਤਾ ਕੀਤੀ ਜਦੋਂਕਿ ਡਾ. ਸਾਹਿਲ ਪੀਪੀਈ ਕਿਟ ਪਾ ਕੇ ਡਾ. ਬਖ਼ਸ਼ੀ ਦੇ ਨਾਲ ਸਨ।
ਜਿਕਰਯੋਗ ਹੈ ਕਿ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ 'ਚ ਕਿਸੇ ਮਰੀਜ ਦੀ ਹੱਡੀ ਜੋੜ ਕੇ ਪਲਸਤਰ ਲਗਾਉਣ ਦਾ ਇਹ ਪਹਿਲਾ ਮਾਮਲਾ ਹੈ। ਉਂਜ ਭਾਵੇਂ ਇਸ ਤੋਂ ਪਹਿਲਾਂ ਇੱਥੇ ਚੂਲਾ ਬਦਲਣ ਲਈ ਇੱਕ ਮਰੀਜ ਦਾਖਲ ਸੀ ਪਰੰਤੂ ਉਸਦਾ ਆਪਰੇਸ਼ਨ ਟਾਲਿਆ ਜਾ ਸਕਦਾ ਸੀ ਜਿਸ ਕਰਕੇ ਉਸਨੂੰ ਕੋਵਿਡ ਪਾਜਿਟਿਵ ਹੋਣ ਸਮੇਂ ਕੋਵਿਡ ਵਾਰਡ 'ਚ ਖਿੱਚਾਂ ਲਗਾਕੇ ਉਸਦਾ ਇਲਾਜ ਕੀਤਾ ਗਿਆ ਸੀ।
ਇਹ ਵੀ ਦੱਸਣਯੋਗ ਹੈ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰ ਮਿਸ਼ਨ ਫ਼ਤਿਹ ਤਹਿਤ ਫਰੰਟਲਾਈਨ ਯੋਧਿਆਂ ਵੱਲੋਂ ਕੋਵਿਡ ਨਾਲ ਲੜਾਈ ਲੜਦੇ ਹੋਏ ਖ਼ੁਦ ਵੀ ਕੋਵਿਡ ਪਾਜ਼ੀਟਿਵ ਆ ਰਹੇ ਹਨ ਅਤੇ ਹੁਣ ਤੱਕ 8 ਦੇ ਕਰੀਬ ਜੂਨੀਅਰ ਤੇ ਸੀਨੀਅਰ ਰੈਂਜੀਡੈਂਟ ਡਾਕਟਰ ਕੋਵਿਡ ਪਾਜਿਟਿਵ ਆਏ ਹਨ, ਇਹ ਕੋਵਿਡ ਵਾਰਡ 'ਚ ਦਾਖਲ ਹੋਣ ਦੇ ਬਾਵਜੂਦ ਇੱਥੇ ਮਰੀਜਾਂ ਦਾ ਖਿਆਲ ਰੱਖ ਰਹੇ ਹਨ। ਇਨ੍ਹਾਂ ਵਿੱਚੋਂ ਕੋਵਿਡ ਵਾਰਡ ਦੀ ਤੀਸਰੀ ਮੰਜਿਲ 'ਤੇ ਦਾਖਲ ਡਾ. ਰਸਪਿੰਦਰ ਗਾਇਨੀ ਦੀ ਡਾਕਟਰ ਹੈ ਅਤੇ ਉਹ ਇਸੇ ਵਾਰਡ ਵਿੱਚ ਦਾਖਲ ਇੱਕ ਗਰਭਵਤੀ ਮਹਿਲਾ ਦਾ ਪੂਰਾ ਖਿਆਲ ਰੱਖ ਰਹੀ ਹੈ।
ਇਸੇ ਦੌਰਾਨ ਕੋਵਿਡ ਕੇਅਰ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਹੈਲਥ ਕੇਅਰ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਕੋਵਿਡ ਤੋਂ ਮਰੀਜ਼ਾਂ ਨੂੰ ਬਚਾਉਣ ਲਈ ਦਿਨ-ਰਾਤ ਡਿਊਟੀ 'ਤੇ ਲੱਗੇ ਹੋਏ ਹਨ।