ਹਰੀਸ਼ ਕਾਲੜਾ
- ਪਿੰਡ ਚਤਾਮਲੀ ਨਿਵਾਸੀ ਪਾਜ਼ਟਿਵ ਕੇਸ ਵਿਅਕਤੀ ਦੇ ਸੰਪਰਕ ਵਿੱਚ ਆਏ 17 ਵਿਅਕਤੀਆਂ ਦੇ ਸੈਂਪਲ ਵੀ ਭੇਜੇ ਲੈਬੋਰਟਰੀ
ਰੂਪਨਗਰ, 04 ਅਪ੍ਰੈਲ 2020 - ਜਿਲ੍ਹੇ ਚੋਂ ਹੁਣ ਤੱਕ 44 ਸ਼ੱਕੀ ਮਰੀਜ਼ਾਂ ਦੇ ਕਰੋਨਾ ਵਾਇਰਸ ਸਬੰਧੀ ਸੈਂਪਲ ਲੈਬੋਰਟਰੀ ਵਿੱਚ ਭੇਜੇ ਗਏ ਸਨ। ਇਹ ਜਾਣਕਾਰੀ ਦਿੰਦਿਆਂ ਡੀ.ਸੀ.ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਇਨ੍ਹਾਂ ਵਿਚੋ 21 ਸੈਂਪਲ ਨੈਗਟਿਵ ਪਾਏ ਗਏ ਅਤੇ 23 ਦੀ ਰਿਪੋਰਟ ਪੈਂਡਿੰਗ ਹੈ ਜਦਕਿ ਪਿੰਡ ਚਤਾਮਲੀ ਦੇ ਇੱਕ ਨਿਵਾਸੀ ਦੀ ਰਿਪੋਰਟ ਪੋਜ਼ਿਟਿਵ ਹੈ।
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਪੋਜ਼ਟਿਵ ਕੇਸ ਨਾਲ ਸਬੰਧਿਤ ਵਿਅਕਤੀ ਪਿੰਡ ਚਤਾਮਲੀ ਦਾ ਰਹਿਣ ਵਾਲਾ ਹੈ ਜ਼ੋ ਕਿ ਸ਼ੂਗਰ ਅਤੇ ਹੈਪੇਟਾਈਟਸ ਕਾਰਨ ਕੁੱਝ ਦਿਨਾਂ ਤੋਂ ਚੰਡੀਗੜ੍ਹ ਦੇ ਸੈਕਟਰ 16 'ਚ ਸਰਕਾਰੀ ਹਸਪਤਾਲ ਵਿਖੇ ਦਾਖਲ ਸੀ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਵੱਲੋਂ ਲਏ ਗਏ ਟੈਸਟ ਦੌਰਾਨ ਉਸ ਦਾ ਕੇਸ ਪੋਜ਼ਿਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਸ ਦੇ ਸੰਪਰਕ ਵਿੱਚ 17 ਵਿਅਕਤੀਆਂ ਦੇ ਆਉਣ ਸਬੰਧੀ ਜਾਣਕਾਰੀ ਮਿਲੀ ਸੀ, ਜਿਨ੍ਹਾਂ ਦੇ ਵੀ ਸਿਹਤ ਵਿਭਾਗ ਵੱਲੋਂ ਸੈਂਪਲ ਲੈ ਕੇ ਲੈਬੋਰਟਰੀ ਵਿੱਚ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਤਬਲੀਗੀ ਜਮਾਤ ਨਾਲ ਸਬੰਧਿਤ ਸੂਚਨਾ ਦੇ ਅਧਾਰ ਤੇ 06 ਵਿਅਕਤੀਆਂ ਦੇ ਸੈਂਪਲ ਲੈਬੋਟਰੀ ਵਿੱਚ ਭੇਜੇ ਗਏ ਹਨ।
ਐਸ.ਡੀ.ਐਮ. ਮੋਰਿੰਡਾ ਸ਼੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਚਤਾਮਲੀ ਪਿੰਡ ਨੂੰ ਅਹਿਤਿਆਤ ਦੇ ਤੌਰ ਤੇ ਸੀਲ ਕਰਕੇ ਪੋਜ਼ਟਿਵ ਕੇਸ ਨਾਲ ਸਬੰਧਤ ਵਿਅਕਤੀ ਦੇ ਕੰਨਟੈਕਟ ਵਿੱਚ ਆਉਣ ਵਾਲੇ ਹਰ ਇੱਕ ਵਿਅਕਤੀ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਵੀ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇ ਕੋਈ ਵਿਅਕਤੀ ਉਕਤ ਪੋਜ਼ਟਿਵ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਤਾਂ ਅਹਿਤਿਆਤ ਦੇ ਤੌਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੂਚਿਤ ਕਰਨ ਤਾਂ ਜ਼ੋ ਨਿਯਮਾਂ ਅਨੁਸਾਰ ਸਿਹਤ ਜਾਂਚ ਕਰਵਾਈ ਜਾ ਸਕੇ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਕੋਈ ਵੀ ਵਿਅਕਤੀ ਉਸ ਦੇ ਕੰਨਟੈਕਟ ਵਿੱਚ ਆਇਆ ਹੈ ਤਾਂ ਉਹ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਸੂਚਨਾ ਜ਼ਰੂਰ ਦੇਣ।