ਮਨਪ੍ਰੀਤ ਸਿੰਘ ਜੱਸੀ
- ਸੜਕਾਂ, ਅਮਰੂਤ ਅਤੇ ਪੀ ਯੂ ਈ ਆਈ ਪੀ ਸਕੀਮ ਤਹਿਤ ਤੇਜੀ ਨਾਲ ਵਿਕਾਸ ਹੋਏ ਕੰਮ
ਅੰਮ੍ਰਿਤਸਰ, 25 ਅਗਸਤ 2020 - ਨਗਰ ਨਿਗਮ ਦੇ ਸਿਵਲ ਵਿਭਾਗ ਵਲੋ ਅੰਮ੍ਰਿਤਸਰ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਦੇ ਵਿਕਾਸ ਲਈ ਪਹਿਲੇ ਫੇਜ਼ ਵਿਚ ਲਗਭਗ 11.56 ਕਰੋੜ ਦੇ ਕੰਮਾਂ ਦੇ ਟੈਡਰ ਲਗਾਏ ਗਏ ਅਤੇ ਇੰਨ੍ਹਾਂ ਕੰਮਾਂ ਦੇ ਤਹਿਤ ਸਾਰੇ ਹਲਕਿਆਂ ਦੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਅਤੇ ਦੂਜੇ ਫੇਜ਼ ਰਾਹੀ. 8.44 ਕਰੋੜ ਦੇ ਟੈਡਰ ਪ੍ਰਾਪਤ ਹੋ ਗਏ ਹਨ, ਜਿਸ ਤਹਿਤ ਬਾਕੀ ਰਹਿੰਦੇ ਹਲਕਿਆਂ ਵਿਚ ਵੀ ਸੜਕਾਂ ਦਾ ਨਿਰਮਾਣ ਤੁਰੰਤ ਕਰਵਾਇਆ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਨਗਰ ਨਿਗਮ ਵਲੋ ਲਾਕ ਡਾਊਨ ਦੌਰਾਨ ਵੀ ਤੇਜੀ ਨਾਲ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਵਿਕਾਸ ਕਾਰਜਾਂ ਵਿਚ ਕੋਈ ਖੜੋਤ ਨਹੀ ਆਉਣ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਸਿਵਲ ਵਿਭਾਗ ਵਲੋ ਪਿਛਲੇ ਸਮੇ ਵਿਚ ਵੱਖ ਵੱਖ ਵਾਰਡਾਂ ਦੇ ਵਿਕਾਸ ਲਈ 30 ਕਰੋੜ ਰੁਪਏ ਦੇ ਟੈਡਰ ਲਗਾਏ ਗਏ ਸਨ, ਜਿਨ੍ਹਾਂ ਵਿਚ ਗਲੀਆਂ,ਨਾਲੀਆਂ, ਸੜਕਾਂ ਬਣਾਉਣਾ,ਪਾਰਕਾਂ ਦਾ ਵਿਕਾਸ ਆਦਿ ਕੰਮ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੰਮਾਂ ਵਿਚੋ 80 ਫੀਸਦੀ ਤੋ ਜਿਆਦਾ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ ਬਾਕੀ ਕੰਮ ਪ੍ਰਗਤੀ ਅਧੀਨ ਹਨ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਪੰਜਾਬ ਇੰਨਵਾਇਰਮੈਟ ਇੰਮਪਰੂਵਮੈਟ ਪ੍ਰੋਗਰਾਮ ਪੋਜੈਕਟ ਤਹਿਤ ਸ਼ਹਿਰ ਦੀਆਂ ਵੱਖ ਵੱਖ ਸੜਕਾਂ,ਗਲੀਆਂ ਦਾ ਵਿਕਾਸ ਕਰਵਾਉਣ ਹਿਤ ਪਹਿਲੇ ਫੇਜ਼ ਵਿਚ ਲਗਭਗ 15.35 ਕਰੋੜ ਦੇ ਕੰਮ ਕਰਵਾਏ ਗਏ ਹਨ ਅਤੇ ਦੂਜੇ ਫੇਜ਼ ਵਿਚ 48.26 ਕਰੋੜ ਰੁਪਏ ਦੇ ਕੰਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੀ ਅਮਰੂਤ ਸਕੀਮ ਤਹਿਤ ਨਗਰ ਨਿਗਮ ਦੇ ਖੇਤਰ ਵਿਚ ਪੈਦੀਆਂ ਪਾਰਕਾਂ ਜਿਵੇ ਕਿ ਛੇਹਰਟਾ ਸਾਹਿਬ, ਚਮਰੰਗ ਰੋਡ, ਗਾਰਡਨ ਕਾਲੋਨੀ, ਗੁਰਨਾਮ ਨਗਰ ਅਤੇ ਕਟਰਾ ਮੋਤੀ ਰਾਮ ਵਿਖੇ ਪਾਰਕਾਂ ਦਾ ਵਿਕਾਸ ਲਗਭਗ 113.33 ਲੱਖ ਰੁਪਏ ਦੇ ਨਾਲ ਕਰਵਾਇਆ ਜਾਣਾ ਹੈ ਅਤੇ ਇਸ ਉਪਰ ਕੰਮ ਵੀ ਚੱਲ ਰਿਹਾ ਹੈ।
ਕੋਮਲ ਮਿੱਤਲ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਸਬੰਧੀ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਿਆਂ ਦੇ ਆਲੇ ਦੁਆਲੇ ਦੇ ਖੇਤਰ ਦਾ ਵਿਕਾਸ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸਾਹਿਬ ਦੇ ਦੋ ਪਵਿੱਤਰ ਗੁਰਦੁਆਰੇ ਗੁਰੂ ਕਾ ਮਹਿਲ ਅਤੇ ਗੁਰਦੁਆਰੇ ਕੋਠਾ ਸਾਹਿਬ ਵੱਲਾ ਦੇ ਵਿਕਾਸ ਲਈ ਲਗਭਗ 2.55 ਕਰੋੜ ਦੇ ਟੈਡਰ ਲਗਾਏ ਗਏ ਅਤੇ ਟੈਡਰ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਇਹ ਕੰਮ ਕਰਵਾਏ ਜਾਣਗੇ।