ਸੰਜੀਵ ਸੂਦ
ਲੁਧਿਆਣਾ, 04 ਅਪ੍ਰੈਲ 2020 - ਲੁਧਿਆਣਾ ਦੇ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 279 ਸੈਂਪਲ ਲਏ ਜਾ ਚੁੱਕੇ ਨੇ ਜਿਨ੍ਹਾਂ ਚੋਂ 195 ਸੈਂਪਲ ਨੈਗੇਟਿਵ ਬਾਈ ਨੇ ਜਦੋਂ ਕਿ ਲੁਧਿਆਣਾ ਵਿੱਚ ਸੁੱਖ ਦੀ ਗੱਲ ਰਹੀ ਕਿ ਕੋਈ ਮਰੀਜ਼ ਹੋਰ ਨਹੀਂ ਵਧਿਆ ਉਧਰ ਡੀਐੱਮਸੀ ਦੇ ਵਿੱਚ ਜ਼ੇਰੇ ਇਲਾਜ ਮਹਿਲਾ ਦੀ ਪਹਿਲੀ ਰਿਪੋਰਟ ਹੁਣ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਫਸਲ ਵੱਢਣ ਨੂੰ ਲੈ ਕੇ ਵੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ ਉਧਰ ਸਰਕਾਰ ਨੇ ਟਰੱਕਾਂ ਨੂੰ ਵੀ ਚਲਾਉਣ ਦੀ ਛੋਟ ਦੇ ਦਿੱਤੀ ਹੈ ਅਤੇ ਕੌਮੀ ਸ਼ਾਹਰਾਹ ਤੇ ਸਥਿੱਤ ਪੈਟਰੋਲ ਪੰਪ ਵੀ ਖੋਲ੍ਹਣ ਦੇ ਨਿਰਦੇਸ਼ ਦਿੱਤੇ ਨੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰਫਿਊ/ਲੌਕਡਾਊਨ ਦੌਰਾਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਖੇਤੀ ਦੇ ਨਾਲ ਸੰਬੰਧਤ ਕਟਾਈ ਅਤੇ ਬਿਜਾਈ ਕਰਨ ਦੀ ਛੋਟ ਦਿੱਤੀ ਗਈ ਹੈ। ਡੀਸੀ ਅਗਰਵਾਲ ਨੇ ਦੱਸਿਆ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮੂਹ ਕੰਬਾਇਨਾਂ ਕਟਾਈ ਦੇ ਸੀਜ਼ਨ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਖੇਤੀ ਨਾਲ ਸੰਬੰਧਤ ਕੰਮ ਕਰ ਸਕਣਗੀਆਂ। ਖੇਤੀ ਲਈ ਵਰਤੋਂ ਹੋਣ ਵਾਲੀ ਮਸ਼ੀਨਰੀ ਦੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ (ਤਿੰਨ ਘੰਟੇ) ਤੱਕ ਹੀ ਖੁੱਲ੍ਹ ਸਕਣਗੀਆਂ।
ਪ੍ਰਦੀਪ ਅਗਰਵਾਲ ਨੇ ਕਿਹਾ ਕਿ ਸਥਾਨਕ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਟੈਗੋਰ ਨਗਰ ਦੇ ਸਾਰੇ ਹੋਸਟਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹੋਸਟਲ ਨੰਬਰ 1, 2, 4 ਅਤੇ 11 ਅਤੇ ਪਿੰਡ ਕਿਸ਼ਨਗੜ੍ਹ (ਨੇੜੇ ਬੀਜਾ) ਸਥਿਤ ਕੁਲਾਰ ਕਾਲਜ ਆਫ਼ ਨਰਸਿੰਗ ਦੇ ਹੋਸਟਲਾਂ ਨੂੰ ਲੋੜ ਪੈਣ 'ਤੇ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਵਜੋਂ ਵਰਤਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਵੀ ਕਿਹਾ ਕਿ ਵਾਇਰਸ ਨਾਲ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਸਸਕਾਰ ਕਿਵੇਂ ਕਰਨਾ ਹੈ ਉਸ ਦੀ ਮ੍ਰਿਤਕ ਦੇਹ ਦਾ ਰੱਖ ਰਖਾਵ ਕਿਵੇਂ ਕਰਨਾ ਹੈ ਇਸ ਸਬੰਧੀ ਸਿਹਤ ਮਹਿਕਮੇ ਵੱਲੋਂ ਸਾਰਿਆਂ ਹੀ ਹਸਪਤਾਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਮਜ਼ਦੂਰਾਂ ਲਈ ਪ੍ਰਸ਼ਾਸਨ ਵੱਲੋਂ ਸੈਕਟਰ ਹੋਮ ਬਣਾਏ ਗਏ ਨੇ ਉਨ੍ਹਾਂ ਵੱਲ ਮਜ਼ਦੂਰ ਜ਼ਿਆਦਾ ਰੁਚੀ ਨਹੀਂ ਦਿਖਾ ਰਹੇ, ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕਿਵੇਂ ਟਰਾਂਸਪੋਰਟਰਾਂ ਨੂੰ ਵੀ ਸ਼ਰਤਾ ਤੇ ਆਪਣੇ ਵਾਹਨ ਚਲਾਉਣ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ ਅਤੇ ਇਹ ਵੀ ਦੱਸਿਆ ਕਿ ਕਿਵੇਂ ਹਾਈਵੇ ਤੇ ਪੈਟਰੋਲ ਪੰਪ ਖੋਲ੍ਹਣ ਆਦਿ ਤੇ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।