- ਅੱਜ ਤਿੰਨ ਮਰੀਜ਼ਾਂ ਨੂੰ ਮਿਲੀ ਛੁੱਟੀ, ਰਹਿੰਦੇ ਮਰੀਜ਼ਾਂ ਦੀ ਸਿਹਤ 'ਚ ਸੁਧਾਰ ਜਾਰੀ - ਡਿਪਟੀ ਕਮਿਸ਼ਨਰ
- ਅੱਜ ਵੀ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ
- ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਪੰਜ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦੀ ਆਗਿਆ
- ਸਨਅਤਾਂ ਨੂੰ ਕਰਫਿਊ ਵਿੱਚ ਢਿੱਲ ਦੇਣ ਦਾ ਕੰਮ ਸ਼ੁਰੂ
ਲੁਧਿਆਣਾ, 21 ਅਪ੍ਰੈੱਲ 2020 - ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਖੁਸ਼ਖ਼ਬਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ 4 ਮਰੀਜ਼ ਬਿਲਕੁਲ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਤਿੰਨ ਮਰੀਜ਼ਾਂ ਨੂੰ ਅੱਜ ਛੁੱਟੀ ਮਿਲੀ ਹੈ। ਇਸ ਤੋਂ ਇਲਾਵਾ ਇਲਾਜ਼ ਅਧੀਨ ਬਾਕੀ 10 ਮਰੀਜ਼ਾਂ ਦੀ ਸਿਹਤ ਵਿੱਚ ਵੀ ਸੁਧਾਰ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਜ਼ਿਲ੍ਹਾ ਲੁਧਿਆਣਾ ਵਿੱਚ ਕੋਈ ਨਵਾਂ ਮਾਮਲਾ ਪਾਜ਼ੀਟਿਵ ਨਹੀਂ ਮਿਲਿਆ ਹੈ।
ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਪਹਿਲਾਂ ਹੀ ਚੱਲ ਰਹੇ 5 ਪ੍ਰੋਜੈਕਟਾਂ ਨੂੰ ਪੂਰਾ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਜਲੰਧਰ ਬਾਈਪਾਸ, ਲਾਢੋਵਾਲ ਬਾਈਪਾਸ, ਚੰਡੀਗੜ੍ਹ-ਖਰੜ-ਲੁਧਿਆਣਾ ਹਾਈਵੇ, ਲੁਧਿਆਣਾ-ਜਗਰਾਂਉ-ਫਿਰੋਜ਼ਪੁਰ ਹਾਈਵੇ ਅਤੇ ਫਿਰੋਜ਼ਪੁਰ ਰੋਡ ਐਲੀਵੇਟਿਡ ਰੋਡ ਪ੍ਰੋਜੈਕਟ ਸ਼ਾਮਿਲ ਹਨ। ਇਨ੍ਹਾਂ ਉਸਾਰੀ ਕਾਰਜਾਂ 'ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਸਮੇਂ-ਸਮੇਂ 'ਤੇ ਚੈੱਕ ਕਰਨ ਲਈ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ।
ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਨਅਤਾਂ ਨੂੰ ਕਰਫਿਊ ਵਿੱਚ ਢਿੱਲ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਸਨਅਤਾਂ ਨੂੰ ਢਿੱਲ ਦਿੱਤੀ ਜਾਵੇਗੀ, ਜੋ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਗੀਆਂ। ਇਸ ਸੰਬੰਧੀ ਇਛੁੱਕ ਸਨਅਤਾਂ ਵੱਲੋਂ ਪੰਜਾਬ ਸਰਕਾਰ ਦੇ ਇੰਨਵੈਸਟ ਪੰਜਾਬ ਪੋਰਟਲ 'ਤੇ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜੋ ਸਨਅਤਾਂ ਸ਼ਰਤਾਂ ਪੂਰੀਆਂ ਕਰਦੀਆਂ ਹੋਣਗੀਆਂ, ਉਨ੍ਹਾਂ ਨੂੰ ਆਗਿਆ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਸਨਅਤਾਂ ਨੂੰ ਚਲਾਉਣ ਦੀ ਖੁੱਲ੍ਹ ਦਿੱਤੀ ਜਾ ਸਕਦੀ ਹੈ, ਜੋ ਸਨਅਤਾਂ ਆਪਣੀ ਲੇਬਰ ਨੂੰ ਆਪਣੇ ਅੰਦਰ ਰੱਖ ਕੇ ਕੰਮ ਕਰਾ ਸਕਦੀਆਂ ਹਨ। ਅਜਿਹੀਆਂ ਸਨਅਤਾਂ ਨੂੰ ਆਪਣੀ ਲੇਬਰ ਨੂੰ ਅੰਦਰ ਹੀ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਾਉਣੀ ਪਵੇਗੀ। ਜੇਕਰ ਕਿਸੇ ਸਨਅਤ ਕੋਲ ਲੇਬਰ ਨੂੰ ਅੰਦਰ ਹੀ ਰੱਖਣ ਦੀ ਸਹੂਲਤ ਨਹੀਂ ਹੈ ਤਾਂ ਉਸਨੂੰ ਲੇਬਰ ਦੀ ਢੋਆ-ਢੁਆਈ ਲਈ ਬਕਾਇਦਾ ਟਰਾਂਸਪੋਰਟੇਸ਼ਨ ਦੀ ਸਹੂਲਤ (ਸਿਰਫ਼ 50 ਫੀਸਦੀ ਸਵਾਰੀਆਂ ਸਮੇਤ) ਦੇਣੀ ਪਵੇਗੀ।
ਅਗਰਵਾਲ ਨੇ ਜ਼ਿਲ੍ਹਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਵਿੱਚ ਫੈਲਦੀਆਂ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਇੱਕ ਬਰੈੱਡ ਨਿਰਮਾਤਾ ਕੰਪਨੀ ਵਿੱਚ ਪਾਜ਼ੀਟਿਵ ਮਰੀਜ਼ ਦੇ ਪਾਏ ਜਾਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਉਹ ਬਿਲਕੁਲ ਝੂਠੀ ਅਫ਼ਵਾਹ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਵੀ ਅਫਵਾਹਾਂ ਫੈਲਾਉਣ ਦਾ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।
ਸਿਵਲ ਹਸਪਤਾਲ ਲੁਧਿਆਣਾ ਵਿੱਚ ਨਾਕਸ ਪ੍ਰਬੰਧਾਂ ਬਾਰੇ ਛਪੀਆਂ ਖ਼ਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਮੀਡੀਆ ਸਮਾਜ ਦਾ ਚੌਥਾ ਥੰਮ ਹੈ ਅਤੇ ਪੱਤਰਕਾਰਾਂ ਨੂੰ ਕੋਈ ਵੀ ਖ਼ਬਰ ਛਾਪਣ ਤੋਂ ਪਹਿਲਾਂ ਉਸ ਦੇ ਜ਼ਰੂਰੀ ਤੱਥਾਂ ਪੜਤਾਲ ਕਰ ਲੈਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੇ ਮਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਾ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖ਼ਬਰ ਦੀ ਸੱਚਾਈ ਪਤਾ ਕਰਨ ਲਈ ਅੱਜ ਖੁਦ ਸਿਵਲ ਹਸਪਤਾਲ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਉਥੇ ਸਭ ਕੁਝ ਠੀਕ ਪਾਇਆ ਗਿਆ। ਉਨ੍ਹਾਂ ਕਿਹਾ ਕਿ ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਸਮੇਂ ਸਿਰ ਖਾਣਾ ਆਦਿ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਫਾਈ ਅਤੇ ਹੋਰ ਵਿਵਸਥਾਵਾਂ ਵੀ ਠੀਕ ਪਾਈਆਂ ਗਈਆਂ ਹਨ।
ਅਗਰਵਾਲ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 1161 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 1117 ਦੇ ਨਤੀਜੇ ਪ੍ਰਾਪਤ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 1098 ਨਮੂਨੇ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਤਿੰਨ ਅਤੇ ਜਲੰਧਰ ਦਾ ਇੱਕ ਮਰੀਜ਼ ਠੀਕ ਹੋ ਕੇ ਆਪਣੇ ਘਰ ਨੂੰ ਜਾ ਚੁੱਕੇ ਹਨ। ਮੌਜੂਦਾ ਸਮੇਂ 10 ਮਰੀਜ਼ਾਂ ਦਾ ਇਲਾਜ਼ ਜਾਰੀ ਹੈ।