ਅਸ਼ੋਕ ਵਰਮਾ
- ਔਰਤ ਦੇ ਸੈਂਪਲਾਂ ਦੀ ਨੈਗਟਿਵ ਰਿਪੋਰਟ ਨਾਂਲ ਸਿਹਤ ਵਿਭਾਗ ਨੂੰ ਰਾਹਤ
ਬਠਿੰਡਾ, 21 ਮਾਰਚ 2020 - ਏਅਰਪੋਰਟ ਅਥਾਰਟੀ ਵੱਲੋਂ ਬਠਿੰਡਾ ਜਿਲ੍ਹੇ ’ਚ ਵਿਦੇਸ਼ ਤੋਂ 700 ਦੇ ਕਰੀਬ ਵਿਅਕਤੀਆਂ ਦੀ ਸੂਚੀ ਜ਼ਿਲਾ ਪ੍ਰਸ਼ਾਸਨ ਨੂੰ ਭੇਜਣ ਉਪਰੰਤ ਅਫਸਰਾਂ ਦੇ ਫਿਕਰ ਵਧ ਗਏ ਹਨ। ਭਾਵੇਂ ਫਿਲਹਾਲ ਕਰੋਨਾ ਵਾਇਰਸ ਦੇ ਮਾਮਲੇ ’ਚ ਸਥਿਤੀ ਸੁਖਾਵੀਂ ਹੈ ਫਿਰ ਵੀ ਤਾਜਾ ਸੂਚੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਇਸ ਸੂਚੀ ਵਿਚ ਪਹਿਲਾਂ ਆਏ 320 ਵੀ ਉਹ ਵਿਅਕਤੀ ਵੀ ਸ਼ਾਮਲ ਹਨ ਜਿਨ੍ਹਾਂ ਦੀ ਸਿਹਤ ਵਿਭਾਗ ਤਰਫੋਂ ਜਾਂਚ ਕੀਤੀ ਜਾ ਚੁੱਕੀ ਹੈ। ਸੂਤਰ ਦੱਸਦੇ ਹਨ ਕਿ ਸਿਹਤ ਵਿਭਾਗ ਵੱਲੋਂ ਇਸ ਸੂਚੀ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਦੋਂ ਕਿ ਬਾਅਦ ’ਚ ਵਿਦੇਸ਼ੋਂ ਆਏ ਵਿਅਕਤੀਆਂ ਦੀ ਸਿਹਤ ਜਾਂਚ ਦੀ ਯੋਜਨਾ ਹੈ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵਿਦੇਸ਼ ਚੋਂ ਭਾਰਤ ਆਏ ਹਰ ਵਿਅਕਤੀ ਨੂੰ 14 ਦਿਨ ਲਈ ਆਪਣੇ ਘਰ ’ਚ ਇਕਾਂਤਵਾਸ ਦੇ ਹੁਕਮ ਹਨ। ਫਿਰ ਵੀ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਕੇ ਬਹੁਤ ਸਾਰੇ ਵਿਅਕਤੀ ਖੁੱਲਆਮ ਵਿਚਰ ਰਹੇ ਹਨ ਜੋਕਿ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਹੈ।
ਸੂਤਰ ਆਖਦੇ ਹਨ ਕਿ ਸੂਚੀ ਮਿਲਣ ਦੇ ਬਾਵਜੂਦ ਕੋਈ ਅਧਿਕਾਰੀ ਇੰਨਾਂ ਕੋਲ ਨਹੀਂ ਗਿਆ ਹੈ। ਹੌਂਸਲੇ ਵਾਲੀ ਗੱਲ ਹੈ ਕਿ ਲੋਕ ਖੁਦ ਹੀ ਵਿਦੇਸ਼ ਤੋਂ ਆਉਣ ਵਾਲਿਆਂ ਦੀ ਸੂਚਨਾ ਸਿਹਤ ਵਿਭਾਗ ਤੇ ਪੁਲਿਸ ਨੂੰ ਦੇ ਰਹੇ ਹਨ। ਬਠਿੰਡਾ ਜਿਲੇ ’ਚ ਕੁਝ ਦਿਨ ਪਹਿਲਾਂ ਡੁਬਈ ਤੋਂ ਵਾਪਸ ਪਰਤੀ ਇੱਥ ਸ਼ੱਕੀ ਲੜਕੀ ‘ਚ ਕੋਰੋਨਾ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ’ਚ ਦਾਖਲ ਕੀਤਾ ਗਿਆ ਹੈ। ਹਾਊਸਫ਼ੈਡ ਕਾਲੋਨੀ ਵਿਚ ਵਿਦੇਸ਼ ਤੋਂ ਆਏ ਇੱਕ ਨਾਗਰਿਕ ਨੂੰ ਆਪਣੇ ਘਰ ਦੇ ਅੰਦਰ 14 ਦਿਨ ਲਈ ਇਕੱਲਿਆਂ ਰਹਿਣ ਲਈ ਆਖਿਆ ਗਿਆ ਹੈ ਜਦੋਂਕਿ ਉਹ ਪਹਿਲਾਂ ਆਮ ਦੀ ਤਰਾਂ ਵਿਚਰ ਰਿਹਾ ਸੀ। ਇਸੇ ਤਰਾਂ ਹੀ ਹਲਕਾ ਰਾਮਪੁਰਾ ਦੇ ਵੱਡੇ ਪਿੰਡ ਕੋਠਾਗੁਰੂ ‘ਚ ਇੱਕ ਲੜਕੀ ਦੇ ਵਿਦੇਸ਼ ‘ਚੋਂ ਵਾਪਸ ਆਉਣ ਦੀ ਸੂਚਨਾ ‘ਅਧਿਕਾਰੀਆਂ ਨੂੰ ਮਿਲੀ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਏਅਰਪੋਰਟ ਅਥਾਰਟੀ ਵੱਲੋਂ ਭੇਜੀ ਸੂਚੀ ’ਚ ਓਹ ਵਿਅਕਤੀ ਵੀ ਸ਼ਾਮਲ ਹਨ ਜਿੰਨਾਂ ਚੋਂ 300 ਦੇ ਕਰੀਬ ਲੋਕਾਂ ਦੀ ਜਾਂਚ ਪਹਿਲਾਂ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਬਾਕੀਆਂ ਦੀ ਪਹਿਲਾਂ ਸ਼ਨਾਖਤ ਤੇ ਮੁੜ ਸਿਹਤ ਜਾਂਚ ਕੀਤੀ ਜਾਏਗੀ । ਉਨਾਂ ਦੱਸਿਆ ਕਿ ਸਿਹਤ ਵਿਭਾਗ ਪੂਰੀ ਤਰਾਂ ਮੁਸਤੈਦ ਹੈ ਅਤੇ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ। ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਲੜਕੀ ਦੀ ਸ਼ਾਦੀ ਕਾਰਨ ਉਹ ਛੁੱਟੀ ਤੇ ਹਨ ਅਤੇ ਡਿਊਟੀ ਤੇ ਆਉਣ ਤੋਂ ਬਾਅਦ ਹੀ ਕੁੱਝ ਕਹਿ ਸਕਣਗੇ। ਸੂਤਰ ਦੱਸਦੇ ਹਨ ਕਿ ਵਿਦੇਸ਼ੋਂ ਆਉਣ ਵਾਲਿਆਂ ਬਾਰੇ ਲੋਕਾਂ ਵੱਲੋਂ ਤਾਂ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਸਿਹਤ ਵਿਭਾਗ ਅਜੇ ਤੱਕ ਕਰੀਬ ਦੋ ਦਰਜਨ ਵਿਅਕਤੀਆਂ ਦਾ ਪਤਾ ਲਾਉਣ ’ਚ ਅਸਫਲ ਰਿਹਾ ਹੈ।
ਇਕਾਂਤਵਾਸ ਵਿਚ ਰੱਖੇ ਲੋਕਾਂ ਦੇ ਘਰਾਂ ਤੇ ਸਟਿੱਕਰ
ਜਿਲਾ ਬਠਿੰਡਾ ਵਿਚ ਪਿੱਛਲੇ ਦਿਨਾਂ ਦੌਰਾਨ ਵਿਦੇਸ ਤੋਂ ਪਰਤੇ ਲੋਕਾਂ ਨੂੰ ਉਨਾਂ ਦੇ ਘਰਾਂ ਵਿਚ ਹੀ ਏਕਾਂਤਵਾਸ ਵਿਚ ਰੱਖਿਆ ਗਿਆ ਹੈ। ਸਿਹਤ ਵਿਭਾਗ ਨੇ ਅਜਿਹੇ ਲੋਕਾਂ ਦੇ ਘਰਾਂ ਦੇ ਬਾਹਰ ਏਕਾਂਤਵਾਸ ਦੇ ਸਟਿੱਕਰ ਲਗਾ ਦਿੱਤੇ ਹਨ ਤਾਂ ਜ਼ੋ ਕੋਈ ਹੋਰ ਉਨਾਂ ਘਰਾਂ ਵਿਚ ਨਾ ਜਾਵੇ। ਡਿਪਟੀ ਕਮਿਸਨਰ ਸ ਬੀ ਸ੍ਰੀ ਨਿਵਾਸਨ ਦੇ ਨਿਰਦੇਸਾਂ ਤੇ ਇਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਕੋਈ ਵੀ ਵਿਦੇਸ ਤੋਂ ਪਰਤਿਆਂ ਵਿਅਕਤੀ ਆਪਣੇ ਬਾਰੇ ਦੱਸ ਸਕਦਾ ਹੈ ਜਾਂ ਹੋਰ ਨਾਗਰਿਕ ਵੀ ਅਜਿਹੀ ਜਾਣਕਾਰੀ ਕੰਟਰੋਲ ਰੂਮ ਵਿਖੇ ਸੂਚਨਾ ਦਿੱਤੀ ਜਾ ਸਕਦੀ ਹੈ। ਇਹ ਸਵੇਰੇ 9 ਤੋਂ ਰਾਤ 8 ਵਜੇ ਤੱਕ ਖੁੱਲਾ ਰਹੇਗਾ। ਜਿਲਾ ਐਪੀਡੋਮੋਲੋਜਿਸਟ ਡਾ: ਸੁਮਿਤ ਜਿੰਦਲ ਅਨੁਸਾਰ ਘਰਾਂ ਦੇ ਬਾਹਰ ਸਟਿੱਕਰ ਲਗਾਉਣ ਦਾ ਉਦੇਸ ਹੈ ਕਿ ਅਜਿਹੇ ਲੋਕ ਨਾਲ ਹੋਰ ਲੋਕ ਨਾ ਮਿਲਣ ਕਿਉਂਕਿ ਇਹ ਬਿਮਾਰੀ ਆਪਸੀ ਸੰਪਰਕ ਨਾਲ ਹੀ ਅੱਗੇ ਫੈਲਦੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਅਪੀਲ
ਡਿਪਟੀ ਕਮਿਸਨਰ ਬਠਿੰਡਾ ਬੀ ਸ੍ਰੀ ਨਿਵਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਦੇਸ ਤੋਂ ਪਰਤੇ ਲੋਕ ਤੁਰੰਤ ਆਪਣੀ ਸੂਚਨਾ ਇਸ ਨੰਬਰ ਤੇ ਦੇਣ।ਉਨਾਂ ਨੇ ਕਿਹਾ ਕਿ ਲੋਕ ਘਬਰਾਉਣ ਨਾ ਪਰ ਸਿਹਤ ਵਿਭਾਗ ਦੀਆਂ ਸਲਾਹਾਂ ਦਾ ਪਾਲਣ ਕਰਨ। ਉਨਾਂ ਕਿਹਾ; ਕਿ ਜਿੰਨਾਂ ਲੋਕਾਂ ਨੂੰ ਏਕਾਂਤਵਾਸ ਕੀਤਾ ਗਿਆ ਹੈ ਉਹ ਆਪਣੇ ਘਰ ਅੰਦਰ ਹੀ ਰਹਿਣ ਅਤੇ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਤੋਂ ਵੀ ਦੂਰੀ ਬਣਾ ਕੇ ਰੱਖਣ।
ਕਾਰਜਕਾਰੀ ਸਿਵਲ ਸਰਜਨ ਡਾ: ਕੁੰਦਨ ਪਾਲ ਨੇ ਦੱਸਿਆ ਕਿ ਜਿਲੇ ਤੋਂ ਇੱਕ ਔਰਤ ਦਾ ਨਮੂਨਾ ਜਾਂਚ ਲਈ ਭੇਜਿਆ ਗਿਆ ਸੀ ਜਿਸ ਦੀ ਰਿਪਰੋਟ ਨੈਗੇਟਿਵ ਆਈ ਹੈ। ਜਿਲਾ ਐਪੀਡੋਮੋਲੋਜਿਸਟ ਡਾ: ਸੁਮਿਤ ਜਿੰਦਲ ਨੇ ਕਿਹਾ ਕਿ ਫਿਲਹਾਲ ਜਿਲੇ ਵਿਚ ਕੋਈ ਵੀ ਕੇਸ ਨਹੀਂ ਹੈ। ਡਰੱਗ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਦੌਰਾਨ ਗਾਂਧੀ ਮਾਰਕਿਟ ਦੀ ਇੱਕ ਦੁਕਾਨ ਤੋਂ 900 ਮਾਸਕ ਮਿਲੇ ਹਨ । ਉਨਾਂ ਦੱਸਿਆ ਕਿ ਕਾਰਵਾਈ ਲਈ ਸਟੇਟ ਡਰੱਗ ਕੰਟਰੋਲਰ ਨੂੰ ਲਿਖ ਦਿੱਤਾ ਗਿਆ ਹੈ।