ਵੋਟਰਾਂ ਵਲੋਂ ਦਿੱਤਾ ਫਤਵਾ ਖਿੜੇ ਮੱਥੇ ਪ੍ਰਵਾਨ : ਪ੍ਰੋ. ਚੰਦੂਮਾਜਰਾ
- ਆਮ ਆਦਮੀ ਪਾਰਟੀ ਨੂੰ ਜਿੱਤ ’ਤੇ ਦਿੱਤੀਆਂ ਸ਼ੁਭਕਾਮਨਾਵਾਂ
ਜੀ ਐਸ ਪੰਨੂ
ਪਟਿਆਲਾ, 10 ਮਾਰਚ, 2022: ਪੰਜਾਬ ਦੇ ਵੋਟਰਾਂ ਵਲੋਂ ਦਿੱਤਾ ਫ਼ਤਵਾ ਜਿੱਥੇ ਸ਼ੋ੍ਮਣੀ ਅਕਾਲੀ ਦਲ ਖਿੱੜੇ ਮੱਥੇ ਪ੍ਰਵਾਨ ਕਰਦਾ ਹੈ ਉੱਥੇ ਹੀ ਜਿੱਤ ਲਈ ਆਮ ਆਦਮੀ ਪਾਰਟੀ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ। ਉਨ੍ਹਾਂ ਆਖਿਆ ਕਿ ਸ਼ੋ੍ਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਪਹਿਲਾਂ ਵਾਂਗ ਅੱਗੇ ਵੀ ਹਮੇਸ਼ਾ ਡਟ ਕੇ ਖੜ੍ਹੀ ਰਹੇਗੀ ਅਤੇ ਪੰਜਾਬ ਦੀ ਲੋਕਾਂ ਦੀ ਸੇਵਾ ਕਰਦੀ ਰਹੇਗੀ।
ਪ੍ਰੋ. ਚੰਦੂਮਾਜਰਾ ਨੇ ਆਖਿਆਂ ਕਿ ਪੰਜਾਬ ਦੇ ਲੋਕਾਂ ਨੇ ਨਵਾਂ ਤਜ਼ਰਬਾਂ ਪਰਖਣ ਲਈ ਆਮ ਆਦਮੀ ਪਾਰਟੀ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾਈਆਂ ਹਨ ਅਤੇ ਅਸੀਂ ਆਸ ਕਰਦੇ ਹਾਂ ਕਿ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ’ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਖਰੀ ਉਤਰੇਗੀ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੇ ਯਤਨ ਕਰੇਗੀ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਵਲੋਂ ‘ਆਪ’ ਲੀਡਰਸ਼ਿਪ ਨੂੰ ਦਿੱਤਾ ਫਤਵਾ ਇਕ ਇਮਤਿਹਾਨ ਵਾਲੀ ਘੜੀ ਹੈ।
ਉਨ੍ਹਾਂ ਆਖਿਆ ਕਿ ‘ਆਪ’ ਲੀਡਰਸ਼ਿਪ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਨਵੇਂ ਤਜ਼ਰਬਿਆਂ ਰਾਹੀਂ ਪੰਜਾਬ ਅੰਦਰ ਬਦਲਾਅ ਲਿਆ ਕੇ ਵੱਖਰਾ ਅਸਰ ਦਿਖਾਉਣਾਂ ਜਿੱਥੇ ਵੱਡੀ ਚੁਣੌਤੀ ਹੋਵੇਗਾ ਉੱਥੇ ਹੀ ਕੇਂਦਰ ਵਲੋਂ ਲਗਾਤਾਰ ਪੰਜਾਬ ਦੇ ਹੱਕ ਖੋਹ ਕੇ ਸੂਬੇ ਦੇ ਅਧਿਕਾਰ ਖੇਤਰ ਵਿਚ ਦਖਲ ਦੇਣ ਦੇ ਮਾਮਲੇ ’ਤੇ ਅਰਵਿੰਦ ਕੇਜਰੀਵਾਲ ਦੀ ਚੁੱਪੀ ਨੂੰ ਤੋੜਨਾ ਅਤੇ ਪੰਜਾਬ ਵਿਰੋਧੀ ਫੈਸਲਿਆਂ ਵਿਰੁੱਧ ਸਮੁੱਚੇ ਪੰਜਾਬ ਨੂੰ ਇਕਜੁਟ ਕਰਨਾ ਪਰਖ ਦੀ ਘੜੀ ਹੋਵੇਗੀ। ਉਨ੍ਹਾਂ ਆਖਿਆ ਕਿ ਅਸੀਂ ਆਸ ਕਰਦੇ ਹਾਂ ਕਿ ‘ਆਪ’ ਲੀਡਰਸ਼ਿਪ ਪੰਜਾਬ ਦੇ ਲੋਕਾਂ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਸੁਹਿਰਦਤਾ ਨਾਲ ਨਿਭਾਏਗੀ ਅਤੇ ਪੰਜਾਬ ਦੀ ਬਿਹਤਰੀ ਲਈ ਕੰਮ ਕਰੇਗੀ।