ਰਜਨੀਸ਼ ਸਰੀਨ
- ਠੀਕ ਹੋਏ ਦੋਵੇਂ ਮਰੀਜ਼ ਸਵਰਗੀ ਬਲਦੇਵ ਸਿੰਘ ਦੇ ਪਰਿਵਾਰ ਨਾਲ ਸਬੰਧਤ
ਨਵਾਂਸ਼ਹਿਰ, 14 ਅਪਰੈਲ 2020 - ਬੀਤੀ ਦੇਰ ਰਾਤ ਦੋ ਹੋਰ ਕੋਵਿਡ ਮਰੀਜ਼ਾਂ ਦੇ ਆਈਸੋਲੇਸ਼ਨ ਸਮਾਂ ਪੂਰਾ ਕਰਨ ਬਾਅਦ ਕਰਵਾਏ ਟੈਸਟ ਲਗਾਤਾਰ ਦੂਸਰੀ ਵਾਰ ਨੈਗੇਟਿਵ ਆਉਣ ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ ਕੇਸਾਂ ’ਚ ਵੱਡੀ ਰਾਹਤ ਦਰਜ ਕੀਤੀ ਗਈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਇਨ੍ਹਾਂ ਦੋ ਮਰੀਜ਼ਾਂ ਦੇ ਤੰਦਰੁਸਤ ਹੋਣ ਬਾਅਦ, ਜ਼ਿਲ੍ਹੇ ’ਚ ਹੁਣ ਤੱਕ ਤੰਦਰੁਸਤ ਹੋਏ ਕੋਵਿਡ ਪੀੜਤਾਂ ਦੀ ਗਿਣਤੀ 15 ਹੋ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਈਸੋਲੇਸ਼ਨ ’ਚ ਬਾਕੀ ਰਹਿੰਦੇ 3 ਮਰੀਜ਼ ਵੀ ਜਲਦ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤਣਗੇ।
ਜ਼ਿਕਰਯੋਗ ਹੈ ਕਿ ਜਿਨ੍ਹਾਂ ਦੋਵਾਂ ਮਰੀਜ਼ਾਂ ਦੇ ਦੇਰ ਰਾਤ ਟੈਸਟ ਨੈਗਟਟਿਵ ਆਏ ਹਨ, ਉਨ੍ਹਾਂ ਦਾ ਸਬੰਧ ਸਵਰਗੀ ਬਲਦੇਵ ਸਿੰਘ ਪਠਲਾਵਾ ਦੇ ਪਰਿਵਾਰ ਨਾਲ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਨੇ ਕਣਕ ਦੀ ਕਟਾਈ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਕੋਵਿਡ-19 ਦੀ ਰੋਕਥਾਮ ਲਈ ਲਾਈਆਂ ਪਾਬੰਦੀਆਂ ਅਤੇ ਕਰਫ਼ਿੳੂ ਤੋਂ ਜ਼ਿਲ੍ਹੇ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਰਾਹਤ ਦਿੰਦੇ ਹੋਏ, ਉਨ੍ਹਾਂ ਲਈ ਸਵੇਰੇ ਦੇ 6 ਵਜੇ ਤੋਂ ਰਾਤ 8 ਵਜੇ ਤੱਕ ਦਾ ਸਮਾਂ ਖੇਤਾਂ ’ਚ ਆਉਣ ਤੇ ਜਾਣ ਦਾ ਨਿਰਧਾਰਿਤ ਕੀਤਾ ਹੈ।
ਇਸ ਤੋਂ ਇਲਾਵਾ ਫ਼ਸਲ ਦੀ ਕਟਾਈ ਬਾਅਦ ਉਸ ਨੂੰ ਮੰਡੀ ਲੈ ਕੇ ਜਾਣ ਲਈ ਕਿਸਾਨਾਂ ਨੂੰ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਦੀ ਛੋਟ ਦਿੱਤੀ ਗਈ ਹੈ। ਮੰਡੀ ’ਚ ਜਾਣ ਤੋਂ ਪਹਿਲਾਂ ਕਿਸਾਨ ਸਬੰਧਤ ਆੜ੍ਹਤੀਏ ਪਾਸੋਂ ਪਾਸ ਪ੍ਰਾਪਤ ਕਰੇਗਾ ਜੋ ਕਿ ਮਾਰਕਿਟ ਕਮੇਟੀ ਵਲੋਂ ਜਾਰੀ ਕੀਤਾ ਗਿਆ ਹੋਵੇਗਾ। ਇਸ ਪਾਸ ਵਿੱਚ ਦਰਸਾਈ ਗਈ ਮਿਤੀ ਅਨੁਸਾਰ ਹੀ ਸਬੰਧਤ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਵਿੱਚ ਜਾਣ ਲਈ ਪਾਬੰਦ ਹੋਵੇਗਾ।
ਉੱਕਤ ਛੋਟ ਕੋਵਿਡ-19 ਸਬੰਧੀ ਨਿਰਧਾਰਿਤ ਪ੍ਰੋਟੋਕਾਲਾਂ ਦੀ ਪਾਲਣਾ ’ਚ ਹੀ ਮਿਲੇਗੀ, ਜਿਨ੍ਹਾਂ ’ਚ ਵਿੱਚ ਸੈਨੀਟਾਈਜ਼ਰ ਦੀ ਸੁਵਿਧਾ, ਘੱਟ ਤੋਂ ਘੱਟ 2 ਮੀਟਰ ਦੀ ਦੂਰੀ ਆਦਿ ਦੀ ਪਾਲਣਾ ਕਰਨਾ ਸਬੰਧਿਤ ਕਿਸਾਨ ਵਲੋਂ ਆਪਣੇ ਪੱਧਰ ’ਤੇ ਕਰਨੀ ਯਕੀਨੀ ਬਣਾਈ ਜਾਵੇ ਅਤੇ ਹਰੇਕ ਵਿਅਕਤੀ ਕਿਸਾਨ/ਖ਼ੇਤ ਮਜ਼ਦੂਰ ਵਲੋਂ ਆਪਣੇ ਮੂੰਹ ’ਤੇ ਮਾਸਕ ਲਗਾਉਣਾ ਯਕੀਨੀ ਹੋਵੇਗਾ। ਸਬੰਧਤ ਕਿਸਾਨ/ਖੇਤ ਮਜ਼ਦੂਰ ਵਲੋਂ ਹਰ ਪ੍ਰਕਾਰ ਦੀਆਂ ਕੋਵਿਡ-19 ਨਾਲ ਸਬੰਧਤ ਸਾਵਧਾਨੀਆਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਜੇਕਰ ਕੋਈ ਕਾਮਾ ਖੰਘ, ਜੁਕਾਮ, ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ ਤੋਂ ਪੀੜਤ ਹੈ ਜਾਂ ਬਿਮਾਰ ਹੈ ਤਾਂ ਅਜਿਹੇ ਕਾਮੇ ਨੂੰ ਕੰਮ ਕਰਨ ਤੋਂ ਤੁਰੰਤ ਰੋਕ ਦਿੱਤਾ ਜਾਵੇ। ਉਸ ਕਾਮੇ ਦਾ ਸਬੰਧਤ ਕਿਸਾਨ ਵਲੋਂ ਤੁਰੰਤ ਸਿਹਤ ਵਿਭਾਗ ਨਾਲ ਤਾਲਮੇਲ ਕਰਵਾਇਆ ਜਾਵੇਗਾ। ਇਸ ਸਬੰਧੀ ਕੰਟਰੋਲ ਰੂਮ ਨੰਬਰ 01823-227470, 227471, 227473, 227474, 227476, 227478, 227479, 227480 ਤੇ ਸੰਪਰਕ ਕੀਤਾ ਜਾਵੇ। ਇਸ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਸਬੰਧਤ ਕਿਸਾਨ ਦੀ ਹੋਵੇਗੀ। ਕਿਸੇ ਵੀ ਅਣਸੁਖਾਵੀ ਸਥਿਤੀ ਦੇ ਪੈਦਾ ਹੋੋਣ ’ਤੇ ਸੰਪਰਕ ਸੂਚੀ (ਕੰਟੈਕਟ ਲਿਸਟ) ਤਿਆਰ ਕੀਤੀ ਜਾਣੀ ਲਾਜ਼ਮੀ ਹੈ। ਇਸ ਲਈ ਹਰ ਕਿਸਾਨ ਜਿਸ ਪਾਸ ਕਾਮਾ (ਖੇਤ ਮਜ਼ਦੂਰ) ਕੰਮ ਕਰ ਰਿਹਾ ਹੈ ਆਪਣੇ ਪਾਸ ਸਬੰਧਤ (ਕਾਮਾ) ਖੇਤ ਮਜ਼ਦੂਰ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ ਆਦਿ ਰੱਖੇਗਾ ਅਤੇ ਜ਼ਰੂਰਤ ਮੁਤਾਬਿਕ ਸਿਹਤ ਵਿਭਾਗ ਨੂੰ ਦੇਣ ਦਾ ਪਾਬੰਦ ਹੋੋਵੇਗਾ। ਇਹ ਹੁਕਮ ਮਿਤੀ 15 ਅਪਰੈਲ ਤੋਂ ਮਿਤੀ 15 ਜੂਨ ਤੱਕ ਲਾਗੂ ਰਹੇਗਾ।