ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 18 ਅਗਸਤ 2020 - ਜ਼ਿਲ੍ਹਾ ਮੋਗਾ ਵਿੱਚ ਆਏ ਦਿਨ ਵਧ ਰਹੇ ਕੋਵਿਡ 19 ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਵੱਲੋਂ ਸੀਨੀਅਰ ਆਈ ਏ ਐੱਸ ਅਧਿਕਾਰੀ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ ਕੇ ਤਿਵਾੜੀ ਨੂੰ ਵਿਸ਼ੇਸ਼ ਤੌਰ ਉੱਤੇ ਭੇਜਿਆ ਗਿਆ, ਜਿਹਨਾਂ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸੰਦੀਪ ਹੰਸ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ ਤੇ ਸੁਭਾਸ਼ ਚੰਦਰ, ਸਿਵਲ ਸਰਜਨ ਅਤੇ ਹੋਰ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਪਾਜ਼ੀਟਿਵ ਮਰੀਜ਼ਾਂ ਦੀ ਜਲਦ ਭਾਲ ਕਰਨ ਲਈ ਰੋਜ਼ਾਨਾ ਸੈਂਪਲਿੰਗ ਦੀ ਗਿਣਤੀ ਵਧਾਈ ਜਾਵੇ।
ਉਹਨਾਂ ਨੂੰ ਦੱਸਿਆ ਗਿਆ ਕਿ ਹੁਣ ਜ਼ਿਲ੍ਹਾ ਮੋਗਾ ਵਿੱਚ ਰੋਜ਼ਾਨਾ ਅੰਦਾਜ਼ਨ 350 ਸੈਂਪਲ ਲਏ ਜਾ ਰਹੇ ਹਨ। ਜਦਕਿ ਟੀਚਾ ਇਸਤੋਂ ਜਿਆਦਾ ਹੈ। ਤਿਵਾੜੀ ਨੇ ਕਿਹਾ ਕਿ ਇਹ ਟੀਚਾ ਵਧਾਇਆ ਜਾਵੇ। ਉਹਨਾਂ ਮੈਡੀਕਲ ਕਾਲਜ ਫਰੀਦਕੋਟ ਦੇ ਪ੍ਰਬੰਧਕਾਂ ਨੂੰ ਮੌਕੇ ਉਤੇ ਹਦਾਇਤ ਕੀਤੀ ਕਿ ਰੋਜ਼ਾਨਾ ਦੇਰ ਰਾਤ ਤੱਕ ਸੈਂਪਲ ਸਵੀਕਾਰ ਕਰਨ ਅਤੇ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ ਦੀ ਵੀ ਹਦਾਇਤ ਕੀਤੀ ਗਈ।
ਤਿਵਾੜੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੀਆਂ ਅਗਵਾਈ ਲੀਹਾਂ ਮੁਤਾਬਿਕ ਸਤੰਬਰ ਮਹੀਨੇ ਵਿੱਚ ਜ਼ਿਲ੍ਹਾ ਮੋਗਾ ਵਿੱਚ ਇਹ ਮਾਮਲੇ ਹੋਰ ਤੇਜੀ ਨਾਲ ਵਧਣ ਦਾ ਖਦਸ਼ਾ ਹੈ। ਇਸ ਕਰਕੇ ਹੁਣ ਸਿਹਤ ਪ੍ਰਸ਼ਾਸ਼ਨ ਨੂੰ ਸੈਂਪਲ ਵੱਧ ਤੋਂ ਵੱਧ ਲੈਣੇ ਚਾਹੀਦੇ ਹਨ ਤਾਂ ਜ ਪਾਜ਼ੀਟਿਵ ਮਰੀਜ਼ਾਂ ਦੀ ਪਛਾਣ ਪਹਿਲਾਂ ਹੀ ਕੀਤੀ ਜਾ ਸਕੇ ਅਤੇ ਉਹਨਾਂ ਦਾ ਸਮਾਂ ਰਹਿੰਦੇ ਇਲਾਜ਼ ਵੀ ਕਰਾਇਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਲੋਕ ਪੰਜਾਬ ਸਰਕਾਰ ਵੱਲੋਂ ਸ਼ੁਰੂ ਮਿਸ਼ਨ ਫਤਹਿ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਤਿਵਾੜੀ ਨੇ ਸ਼੍ਰੀ ਹੰਸ ਨੂੰ ਹਦਾਇਤ ਕੀਤੀ ਕਿ ਹੋਮ ਆਈਸੋਲੇਸ਼ਨ ਅਤੇ ਘਰ ਵਿੱਚ ਹੀ ਇਕਾਂਤਵਾਸ ਦੀਆਂ ਹਦਾੲਇਤਾਂ ਦੀ ਪਾਲਣਾ ਸਬੰਧੀ ਸਖ਼ਤੀ ਕੀਤੀ ਜਾਵੇ। ਜੌ ਲੋਕ ਇਹਨਾਂ ਦੀ ਉਲੰਘਣਾ ਕਰਦੇ ਹਨ ਉਹਨਾਂ ਖਿਲਾਫ਼ ਆਪਦਾ ਪ੍ਰਬੰਧਨ ਐਕਟ 2005 ਤਹਿਤ ਸਖ਼ਤ ਕਰਵਾਈ ਕੀਤੀ ਜਾਵੇ। ਇਸ ਐਕਟ ਤਹਿਤ ਜਿੱਥੇ ਸਖ਼ਤ ਸਜ਼ਾ ਅਤੇ ਜੁਰਮਾਨੇ ਜਾਂ ਦੋਵੇਂ ਦਾ ਪ੍ਰਬੰਧ ਹੈ। ਉਹਨਾਂ ਕਿਹਾ ਕਿ ਇਸ ਲੜਾਈ ਨੂੰ ਜਿੱਤਣ ਲਈ ਜੇਕਰ ਸਿਹਤ ਵਿਭਾਗ ਵਿੱਚ ਅਸਾਮੀਆਂ ਭਰਨ ਦੀ ਜਰੂਰਤ ਹੈ ਤਾਂ ਇਸ ਸਬੰਧੀ ਡੀਮਾਂਡ ਭੇਜੀ ਜਾਵੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਹੰਸ ਨੇ ਸ਼੍ਰੀ ਤਿਵਾੜੀ ਨੂੰ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਮੋਗਾ ਵਿੱਚ ਛੇ ਮਾਈਕਰੋ ਕੰਟੇਂਨਮੈਂਟ ਜ਼ੋਨ ਬਣਾਏ ਗਏ ਹਨ, ਜਿੱਥੇ ਕਿ ਲੋਕਾਂ ਨੂੰ ਹਰ ਸੰਭਵ ਸਹੁਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਰ ਆਰ ਟੀ ਟੀਮਾਂ ਨੂੰ ਖ਼ਤਮ ਕਰਕੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਸੈਂਪਲ ਗਿਣਤੀ ਵਧਾਉਣ ਲਈ ਫਰੀ ਕੀਤਾ ਜਾ ਰਿਹਾ ਹੈ। ਨਵੀਆਂ ਟੀਮਾਂ ਬਣਨ ਨਾਲ ਸੈਂਪਲ ਲੈਣ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ।