ਜੀ ਐੱਸ ਪੰਨੂ
- ਅਰਬਨ ਅਸਟੇਟ ਅਨਅਪਰੂਵਡ ਕਲੋਨੀਆਂ ਦਾ ਨਹੀਂ ਲੈਂਦਾ ਕੋਈ ਨਾਂਅ
ਪਟਿਆਲਾ, 5 ਅਪ੍ਰੈਲ 2020 - ਪਟਿਆਲਾ ਅੰਦਰ ਪੈਂਦੀਆਂ ਸਥਾਨਕ ਸਰਕਾਰਾਂ ਦੀਆਂ 8 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਾਫ਼-ਸਫ਼ਾਈ, ਲੋਕਾਂ ਦੇ ਘਰਾਂ ਵਿੱਚੋਂ ਕੂੜਾ ਚੁੱਕਣਾਂ ਅਤੇ ਜਨਤਕ ਥਾਵਾਂ ਨੂੰ ਰੋਗਾਣੂ ਮੁਕਤ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਤਰ੍ਹਾਂ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਹਿਮ ਕਦਮ ਉਠਾਏ ਹਨ, ਉਥੇ ਹੀ ਸ਼ਹਿਰਾਂ ਦੇ ਨਿਵਾਸੀਆਂ ਨੂੰ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਦੀ ਸਪਲਾਈ ਲਈ ਵੀ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ ।
ਖੇਤਰੀ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਮਿਸ ਜਸ਼ਨਪ੍ਰੀਤ ਕੌਰ ਗਿੱਲ ਨੇ ਕਰਫਿਊ ਦੇ ਹਾਲਾਤ 'ਚ ਰਾਜਪੁਰਾ, ਨਾਭਾ, ਸਮਾਣਾ, ਘੱਗਾ, ਭਾਦਸੋਂ, ਪਾਤੜਾਂ, ਘਨੌਰ ਤੇ ਸਨੌਰ ਸ਼ਹਿਰਾਂ ਦਾ ਦੌਰਾ ਕਰਕੇ ਕਮੇਟੀਆਂ ਦੇ ਕੰਮ ਦਾ ਜਾਇਜ਼ਾ ਲਿਆ। ਮਿਸ ਗਿੱਲ ਨੇ ਦੱਸਿਆ ਕਿ ਇਨ੍ਹਾਂ ਸ਼ਹਿਰਾਂ ਦੀ ਸਾਫ਼-ਸਫ਼ਾਈ, ਘਰਾਂ ਤੋਂ ਕੂੜਾ ਇਕੱਤਰ ਕਰਨਾ, ਜਨਤਕ ਥਾਵਾਂ ਅਤੇ ਆਮ ਥਾਵਾਂ 'ਤੇ ਵਾਇਰਸ ਖਤਮ ਕਰਨ ਦੇ ਮੰਤਵ ਨਾਲ ਸੋਡੀਅਮ ਹਾਇਪੋਕਲੋਰਾਈਡ ਦਾ ਸਪ੍ਰੇਅ ਕਰਵਾਉਣ ਦੇ ਨਾਲ-ਨਾਲ ਪਾਣੀ ਦੀ ਸਪਲਾਈ ਸਮੇਤ ਸੀਵਰੇਜ ਤੇ ਸਟਰੀਟ ਲਾਇਟ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਵੀ ਸਥਾਨਕ ਸਰਕਾਰਾਂ ਵੱਲੋਂ ਸ਼ਹਿਰਾਂ ਵਿੱਚ ਯਕੀਨੀ ਬਣਾਇਆ ਜਾ ਰਿਹਾ ਹੈ।
ਖੇਤਰੀ ਡਿਪਟੀ ਡਾਇਰੈਕਟਰ ਮਿਸ ਗਿੱਲ ਨੇ ਦੱਸਿਆ ਕਿ ਘਰੋਂ-ਘਰੀ ਕੂੜਾ ਇਕੱਠਾ ਕਰਨ ਲਈ ਕਮੇਟੀਆਂ 'ਚ 800 ਤੋਂ ਜਿਆਦਾ ਸਫ਼ਾਈ ਕਰਮਚਾਰੀ ਕੰਮ ਕਰ ਰਹੇ ਹਨ ਤੇ ਇਨ੍ਹਾਂ ਦੀ ਸੁੁਰੱਖਿਆ ਲਈ ਇਨ੍ਹਾਂ ਨੂੰ ਪ੍ਰੋਟੈਕਸ਼ਨ ਕਿੱਟਾਂ, ਜੈਕੇਟ, ਗਲੱਵਜ ਮਾਸਕ ਸਮੇਤ ਹੱਥਾਂ ਦੀ ਸਫ਼ਾਈ ਲਈ ਸੈਨੇਟਾਈਜ਼ਰ ਸ਼ਹਿਰ ਵਿੱਚ ਪ੍ਰਦਾਨ ਕੀਤੇ ਗਏ ਹਨ। ਬਾਜ਼ਾਰ ਬੰਦ ਹੋਣ ਕਰਕੇ ਸਾਫ਼-ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। ਜਦੋਂਕਿ ਇਕਾਂਤਵਾਸ ਕੀਤੇ ਗਏ ਘਰਾਂ ਵਿੱਚੋਂ ਮੈਡੀਕਲ ਵੇਸਟ, ਜਿਸ ਵਿੱਚ ਵਰਤੇ ਗਏ ਮਾਸਕ, ਗਲਵਜ, ਸੈਨਟਰੀਪੈਡਜ ਆਦਿ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦਿੱਤੇ ਪੀਲੇ ਰੰਗ ਦੇ ਲਿਫਾਫ਼ਿਆਂ ਰਾਹੀਂ ਮੈਡੀਕਲ ਵੇਸਟ ਇਕੱਠਾ ਕਰਕੇ ਲੁਧਿਆਣਾ ਬਾਇਉਮੈਡੀਕਲ ਫੇਸੀਲਿਟੀ 'ਚ ਡਿਸਪੋਜ ਕੀਤਾ ਜਾਂਦਾ ਹੈ।
ਮਿਸ ਗਿੱਲ ਨੇ ਦੱਸਿਆ ਕਿ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਸਵੱਛਤਾ ਪੈਦਾ ਕਰਨ ਲਈ ਲਗਭਗ 2.60 ਲੱਖ ਰੁਪਏ ਖਰਚ ਕਰਕੇ 17437 ਲਿਟਰ ਸੋਡੀਅਮ ਹਾਈਪੋਕਲੋਰਾਈਡ ਦੇ ਘੋਲ (ਡਿਸਇਨਫੈਕਟੈਂਟ) ਦਾ ਛਿੜਕਾਅ 110 ਕਰਮਚਾਰੀਆਂ ਵੱਲੋਂ ਦਸਤੀ, ਮਕੈਨੀਕਲ ਪੰਪ, ਟਰੈਕਟਰ ਅਤੇ ਫਾਇਰ ਬਿਗਰੇਡ ਦੀਆਂ ਗੱਡੀਆਂ ਰਾਂਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰਫਿਉ ਦੌਰਾਨ ਵਾਟਰ ਸਪਲਾਈ ਦੇ ਕੰਮ 'ਚ ਕੋਈ ਰੁਕਾਵਟ ਪੈਦਾ ਨਾ ਹੋਵੇ ਇਸ ਲਈ ਕਮੇਟੀਆਂ ਦੇ ਇੰਜੀਨੀਅਰਾਂ ਦੇ ਅਧੀਨ ਸਪੈਸ਼ਲ ਟੀਮਾਂ ਦੀ ਰਚਨਾ ਕੀਤੀ ਹੈ।
ਖੇਤਰੀ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਅੱਠ ਕਮੇਟੀਆਂ ਵਿੱਚ ਵੱਸਦੇ ਗਰੀਬ ਵਰਗ ਦੇ ਪਰਿਵਾਰਾਂ ਨੂੰ ਰੋਜ਼ਾਨਾ ਦੀਆਂ ਲੋੜਾਂ ਰਾਸ਼ਨ ਅਤੇ ਹੋਰ ਜਰੂਰੀ ਵਸਤਾਂ ਪ੍ਰਦਾਨ ਕਰਨ ਲਈ ਕਦਮ ਚੁੱਕਦਿਆਂ ਸਮਾਜਿਕ ਤੇ ਧਾਰਮਿਕ ਸੰਸਥਾਵਾ ਦੇ ਯੋਗਦਾਨ ਨਾਲ ਸਥਾਨਕ ਸਰਕਾਰਾਂ ਨੇ ਆਪਣੇ ਫੰਡਾਂ ਵਿੱਚੋਂ 4 ਲੱਖ 23 ਹਜਾਰ ਰੁਪਏ ਦਾ ਯੋਗਦਾਨ ਪਾਇਆ ਹੈ। ਹਿੰਦੁਸਤਾਨ ਯੂਨੀਲੀਵਰ ਕੰਪਨੀ ਨੇ ਰਾਜਪੁਰਾ ਸ਼ਹਿਰ 'ਚ ਸੈਨੀਟਾਇਜ਼ੇਸ਼ਨ ਦੇ ਮੰਤਵ ਨਾਲ 7000 ਸਾਬਣਾਂ ਵੀ ਵੰਡੀਆਂ ਹਨ।ਇਸ ਦੇ ਨਾਲ ਹੀ ਇਹ ਵੇਖਣ ਯੋਗ ਹੈ ਕਿ ਇਹ ਕੰਮ ਸ਼ਹਿਰ ਵਿੱਚ ਤਾਂ ਕਿਸੇ ਹੱਦ ਤੱਕ ਕੀਤਾ ਜਾਂਦਾ ਲਗਦਾ ਹੈ ਪਰ ਪਟਿਆਲਾ ਦੀ ਅਬਾਦੀ ਸ਼ਹਿਰ ਤੋਂ ਬਾਹਰ ਵੀ ਰਹਿ ਰਹੀ ਹੈ ਅਰਬਨ ਅਸਟੇਟ ਦੇ ਅਧਿਕਾਰੀ ਜਿਵੇਂ ਸੂਤੇ ਹੀ ਪਏ ਹੋਣ ਇਸ ਤੋਂ ਇਲਾਵਾ ਜਿਵੇਂ ਅਨ ਅਪਰੂਵਡ ਕਲੋਨੀਆਂ ਵਿਚ ਜਿਵੇਂ ਲੋਕ ਵਸਦੇ ਨਾ ਹੋਣ ਅੱਜ ਤੱਕ ਅਜਿਹੇ ਇਲਾਕੇਆ ਦੀ ਕਿਸੇ ਸਾਰ ਤੱਕ ਨਹੀਂ ਲਈ ਹੈ । ਸਰਕਾਰਾਂ ਨੂੰ ਹੱਥ ਪੱਖ ਵੇਖਣ ਵਾਲਾ ਹੈ।