ਕੰਵਲਜੀਤ ਸਿੰਘ ਕੰਵਲ
- ਭਾਰਤੀ ਕਾਂਸਲੇਟ ਜਨਰਲ ਵੱਲੋਂ ਆਯੋਜਿਤ ਰਾਤਰੀ ਭੋਜ
ਟੋਰਾਂਟੋ, 12 ਜਨਵਰੀ 2020 - ਬੀਤੀ ਸ਼ਾਮ ਇੱਥੋਂ ਦੇ ਹੋਟਲ ਹੌਲੀਡੇਅ ਇੰਨ ਵਿੱਚ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਜਨਰਲ ਵੱਲੋਂ ਭਾਰਤੀ ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਅਤੇ ਉਹਨਾਂ ਦੇ ਨਾਲ ਕੈਨੇਡਾ ਆਏ ਇਕ ਉੱਚ ਪੱਧਰੀ ਵਫਦ ਦੇ ਸਵਾਗਤ 'ਚ ਇਕ ਸ਼ਾਨਦਾਰ ਰਾਤਰੀ ਭੋਜ ਦਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਵੰਦੇ ਮਾਤਰਮ ਗੀਤ ਨਾਲ ਸ਼ੁਰੂ ਹੋਈ ਅਤੇ ਟਰਾਂਟੋ ਸਥਿੱਤ ਭਾਰਤੀ ਕਾਂਸਲੇਟ ਜਨਰਲ ਸ੍ਰੀ ਮਤੀ ਅਪੂਰਵਾ ਸ੍ਰੀਵਾਸਤਵ ਵੱਲੋਂ ਭਾਰਤੀ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਦੀ ਹਾਜਰੀਨ ਨਾਲ ਪਹਿਚਾਣ ਕਰਵਾਈ।
ਇਸ ਮੌਕੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਓਮ ਬਿਰਲਾ ਨੇ ਕੈਨੇਡਾ ਵੱਸਦੇ ਭਾਰਤੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਵਿੱਚ ਨਿਵੇਸ਼ ਕਰਨ ਕਿਉਂਕਿ ਭਾਰਤ ਇਸ ਸਮੇਂ ਦੁਨੀਆਂ ਦੀ ਇਕ ਵੱਡੀ ਤਾਕਤ ਬਣ ਕੇ ਉੱਭਰ ਰਿਹਾ ਹੈ ਅਤੇ ਇਹ ਸਮਾਂ ਹੈ ਦੁਨੀਆਂ ਦੀ ਇਸ ਸੱਭ ਤੋਂ ਵੱਡੀ ਜਮੂਹਰੀਅਤ ਦੀ ਰਹਿਨੁਮਾਈ ਹੇਠਲੀ ਇਕਾਨਾਮੀ ਨੂੰ ਮਜਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਈਏ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਟੈਕਸ ਸਮੇਤ ਹਰ ਖੇਤਰ ਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ ਜੋ ਮੌਜੂਦਾ ਸਿਸਟਮ ਨੂੰ ਸੌਖਾਲਾ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਉਹਨਾਂ ਖੁਸ਼ੀ ਪਰਗਟ ਕੀਤੀ ਕਿ ਆਪਣੇ ਮੁਲਕ ਤੋਂ ਬਾਹਰ ਲੱਖਾਂ ਭਾਰਤੀਆਂ ਨੇ ਕੈਨੇਡਾ ਦੀ ਧਰਤੀ ਤੇ ਹਰ ਖੇਤਰ ਚ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ। ਉਹਨਾਂ ਆਸ ਪਰਗਟ ਕੀਤੀ ਕਿ ਕੈਨੇਡਾ ਅਤੇ ਇੰਡੀਆ ਦੁਨੀਆਂ ਦੀਆਂ ਦੋ ਵੱਡੀਆਂ ਜਮਹੂਰੀ ਤਾਕਤਾਂ ਅਤੇ ਦੋਹਾਂ ਮੁਲਕਾਂ ਚ ਮਲਟੀਕਲਚਰ ਲੋਕਾਂ ਦਾ ਹੋਣਾ ਕਈ ਗੱਲਾਂ ਚ ਸਾਝੀਵਾਲਤਾ ਹੈ।
ਦੋਹਾਂ ਮੁਲਕਾਂ ਦੇ ਸੁਖਾਂਵੇਂ ਆਪਸੀ ਸਬੰਧਾਂ ਨੂੰ ਵੱਡੇ ਬਦਲਾਅ ਲਈ ਨਿਵੇਸ਼ ਹੀ ਇਕ ਅਜਿਹਾ ਵਸੀਲਾ ਹੈ। ਭਾਰਤ ਤੋਂ ਲੱਖਾਂ ਦੀ ਗਿਣਤੀ ਚ ਨੌਜੁਆਂਨਾਂ ਦਾ ਉੱਚ ਸਿੱਖਿਆ ਪਰਾਪਤ ਕਰਨ ਲਈ ਕੈਨੇਡਾ ਪੁਜੱਣਾ ਇਕ ਚੰਗੀ ਗੱਲ ਹੈ। ਇਹ ਬੱਚੇ ਉੱਚ ਸਿੱਖਿਆ ਪਰਾਪਤ ਕਰ ਕੇ ਆਪਣੇ ਦੇਸ਼ ਦੀ ਤਰੱਕੀ ਲਈ ਵਿਸ਼ੇਸ਼ ਯੋਗਦਾਨ ਪਾ ਸਕਦੇ ਹਨ। ਉਹਨਾਂ ਨੇ ਗੁਰੁ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਅਤੇ ਮਹਾਤਮਾਂ ਗਾਂਧੀ ਜੀ ਦੀ 150ਵੀਂ ਜੈਂਤੀ ਤੇ ਭਾਰਤ ਸਰਕਾਰ ਵੱਲੋਂ ਉਹਨਾਂ ਦੇ ਸੰਦੇਸ਼ ਨੂੰ ਦੁਨੀਆਂ ਭਰ ਵਿੱਚ ਪਰਚਾਰਨ ਦੇ ਵੱਖ ਵੱਖ ਪਰੋਗਰਾਂਮਾਂ ਦਾ ਜਿਕਰ ਵੀ ਕੀਤਾ।
ਇਸ ਮੌਕੇ ਇਸ ਵਫਦ ਨਾਲ ਪੁੱਜੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ੍ਰ: ਗੁਰਜੀਤ ਸਿੰਘ ਔਜਲਾ ਨੇ ਕੈਨੇਡਾ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੰਜਾਬੀਆਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਟਰਾਂਟੋ ਅੰਮ੍ਰਿਤਸਰ ਸਿੱਧੀ ਉਡਾਨ ਨੂੰ ਤੁਰੰਤ ਚਾਲੂ ਕਰਨ ਦੇ ਪਰਬੰਧ ਕੀਤੇ ਜਾਣ ਤਾਕਿ ਵਿਦੇਸ਼ਾਂ ਤੋਂ ਜਾਣ ਵਾਲਾ ਸਿੱਖ ਭਾਈਚਾਰਾ ਦਿੱਲੀ ਏਅਰਪੋਰਟ ਤੇ ਖਰਾਬ ਨਾਂ ਹੋਵੇ ਅਤੇ ਉਹ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕੇ, ਚੇਤੇ ਰਹੇ ਬੀਤੇ ਦਿਨੀਂ ਇਹ ਮੰਗ ਉਹਨਾਂ ਨੇ ਓਨਟਾਰੀਓ ਸੂਬੇ ਦੀ ਵਿਧਾਨ ਸਭਾ ਕੂਈਨਜ਼ ਪਾਰਕ ਵਿੱਚਲੀ ਆਪਣੀ ਫੇਰੀ ਦੌਰਾਨ ਸਪੀਕਰ ਕੋਲ ਵੀ ਦੁਹਰਾਈ ਸੀ।