ਸਮਰਾਲਾ ਦੇ ਤਿੰਨ ਪਿੰਡਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ, ਪੜ੍ਹੋ ਵੇਰਵਾ
- ਪਿੰਡ ਮੁਸ਼ਕਾਬਾਦ, ਟੱਪਰੀਆਂ ਅਤੇ ਖੀਰਨੀਆਂ ਦੇ ਨਿਵਾਸੀਆਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਗਿਆ ਨਾਲ ਦੇ ਪਿੰਡ ਨਿਵਾਸੀਆਂ ਨੂੰ ਵੋਟ ਪਾਉਣ ਤੋਂ ਰੋਕਣ ਤੇ ਪਿੰਡ ਵਾਲਿਆਂ ਨੇ ਕੀਤਾ ਵਿਰੋਧ
ਸਮਰਾਲਾ, 1 ਜੂਨ 2024 - ਬੀਤੇ ਦੋ ਸਾਲ ਤੋਂ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਮਾਮਲਾ ਸੁਰਖੀਆਂ ਵਿੱਚ ਰਿਹਾ ਹੈ। ਇਸ ਸਬੰਧ ਦੇ ਵਿੱਚ ਪਿੰਡ ਮੁਸ਼ਕਾਬਾਦ, ਪਿੰਡ ਖੀਰਨੀਆਂ ਅਤੇ ਪਿੰਡ ਟੱਪਰੀਆਂ ਵੱਲੋਂ ਲੋਕ ਸਭਾ ਚੋਣਾਂ 2024 ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਸੰਬੰਧ ਦੇ ਵਿੱਚ ਜਦੋਂ ਪਿੰਡ ਮੁਸ਼ਕਾਬਾਦ, ਪਿੰਡ ਟੱਪਰੀਆਂ 'ਚ ਬਣੇ ਪੋਲਿੰਗ ਬੂਥ ਪਹੁੰਚੇ ਤਾਂ ਪੂਰਨ ਤੌਰ ਤੇ ਤਿੰਨ ਪਿੰਡਾਂ ਦੇ ਨਿਵਾਸੀਆਂ ਦਾ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਦੇਖਣ ਨੂੰ ਮਿਲਿਆ। ਇਹਨਾਂ ਤਿੰਨ ਪਿੰਡਾਂ ਵੱਲੋਂ ਪਿੰਡ ਵਿੱਚ ਵੱਖ-ਵੱਖ ਜਗ੍ਹਾ ਤੇ ਲੋਕ ਸਭਾ ਚੋਣਾਂ ਬਾਈਕਾਟ ਦੇ ਬੂਥ ਵੀ ਲਗਾਏ ਗਏ ਹਨ। ਪਿੰਡਾਂ ਵਿੱਚ ਚੋਣ ਕਮਿਸ਼ਨ ਵੱਲੋਂ ਪੋਲਿੰਗ ਬੂਥ ਤੇ ਪੁਖਤਾ ਪ੍ਰਬੰਧ ਕੀਤੇ ਗਏ ਹੋਏ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ
ਪਿੰਡ ਟੱਪਰੀਆਂ 'ਚ ਲੱਗੇ ਚੋਣਾਂ ਦੇ ਬਾਈਕਾਟ ਸਬੰਧੀ ਬੂਥ ਤੇ ਬੈਠੇ ਕੈਪਟਨ ਹਰਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਤਿੰਨ ਪਿੰਡਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਕਿਉਂਕਿ ਬੀਤੇ ਦੋ ਸਾਲ ਤੋਂ ਪਿੰਡ ਮੁਸ਼ਖਾਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦੇ ਵਿਰੋਧ ਦੇ ਵਿੱਚ ਅਸੀਂ ਬਹੁਤ ਵਾਰ ਧਰਨਾ ਅਤੇ ਰੋਸ਼ ਪ੍ਰਦਰਸ਼ਨ ਕਰ ਚੁੱਕੇ ਹਾਂ ਪਰ ਸਾਡੀ ਪੰਜਾਬ ਸਰਕਾਰ ਪ੍ਰਸ਼ਾਸਨ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਸਾਡਾ ਸਾਥ ਨਹੀਂ ਦਿੱਤਾ। ਜਿਸ ਕਾਰਨ ਸਾਨੂੰ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨਾ ਪਿਆ।
ਉੱਥੇ ਹੀ ਪਿੰਡ ਟੱਪਰੀਆਂ 'ਚ ਬਣੇ ਪੋਲਿੰਗ ਬੂਥ ਤੇ ਵੋਟ ਪਾਉਣ ਆਏ ਪਿੰਡ ਹਰੇਓ ਖੁਰਦ ਨਿਵਾਸੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਅੱਜ ਰਸਤੇ ਵਿੱਚ ਪਿੰਡ ਟੱਪਰੀਆਂ ਵੱਲੋਂ ਬਣਾਏ ਗਏ ਲੋਕ ਸਭਾ ਚੋਣਾਂ ਬਾਈਕਾਟ ਦੇ ਬੂਥ ਤੇ ਵੋਟ ਪਾਉਣ ਤੋਂ ਰੋਕਿਆ ਗਿਆ। ਪਰ ਮੈਂ ਆਪਣੇ ਵੋਟ ਪਾਉਣ ਦੇ ਮੌਲਿਕ ਅਧਿਕਾਰ ਨੂੰ ਮੁੱਖ ਰੱਖਦੇ ਹੋਏ ਵੋਟ ਪਾਉਣ ਲਈ ਪਹੁੰਚਿਆ ਹਾਂ। ਕਿਉਂਕਿ ਵੋਟ ਪਾਉਣਾ ਸਾਡਾ ਹੱਕ ਹੈ ਮੈਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਵੋਟ ਪਾਉਣ ਲਈ ਭੇਜ ਰਿਹਾ ਹਾਂ ਪਰ ਇਹ ਗਲਤ ਹੈ ਜੋ ਪਿੰਡ ਟਪਰੀਆਂ ਦੇ ਵੱਲੋਂ ਸਾਨੂੰ ਵੋਟ ਪਾਉਣ ਤੋਂ ਰੋਕਿਆ ਜਾ ਰਿਹਾ ਹੈ।
ਵੋਟ ਪਾਉਣ ਆਏ ਬਜ਼ੁਰਗ ਅਵਤਾਰ ਸਿੰਘ ਨੇ ਕਿਹਾ ਕਿ ਵੋਟ ਪਾਉਣਾ ਸਾਡਾ ਮੌਲਿਕ ਅਧਿਕਾਰ ਹੈ ਜਦੋਂ ਤੱਕ ਅਸੀਂ ਜਿਉਂਦੇ ਹਾਂ ਵੋਟ ਪਾਉਂਦੇ ਰਵਾਂਗੇ ਪਰ ਜੋ ਪਿੰਡ ਟਪਰੀਆਂ ਦੇ ਨਿਵਾਸੀਆਂ ਵੱਲੋਂ ਸਾਨੂੰ ਵੋਟ ਪਾਉਣ ਤੋਂ ਰੋਕਿਆ ਗਿਆ ਹੈ ਇਹ ਬਹੁਤ ਗਲਤ ਗੱਲ ਹੈ ਮੈਂ ਮੰਨਦਾ ਹਾਂ ਕਿ ਜੋ ਫੈਕਟਰੀ ਲੱਗ ਰਹੀ ਹੈ ਉਹ ਗਲਤ ਹੈ ਪਰ ਜਦੋਂ ਫੈਕਟਰੀ ਲੱਗਣੀ ਸ਼ੁਰੂ ਹੋਈ ਸੀ ਤਾਂ ਉਦੋਂ ਕਿਉਂ ਨਹੀਂ ਰੋਕਿਆ ਹੁਣ ਕਿਉਂ ਰੋਕਿਆ ਜਾ ਰਿਹਾ ਹੈ।