ਅਸ਼ੋਕ ਵਰਮਾ
ਮਾਨਸਾ, 20 ਮਾਰਚ 2020 - ਕੋਰੋਨਾ ਵਾਇਰਸ ਦੇ ਡਰ ਕਾਰਨ 19 ਮਾਰਚ ਦੀ ਸ਼ਾਮ ਨੂੰ ਮਾਨਸਾ ਸ਼ਹਿਰ ਵਿੱਚ ਵੱਡੇ ਪੱਧਰ ਉੱਪਰ ਸਬਜ਼ੀ ਅਤੇ ਕਰਿਆਨੇ ਦੇ ਸਮਾਨ ਦੀ ਖਰੀਦੋ ਫਰੋਖਤ ਹੋਈ ਜਿਸ ਕਾਰਣ ਕਾਫੀ ਵੱਡੇ ਪੱਧਰ ’ਤੇ ਸਬਜ਼ੀ ਮੰਡੀ ਵਿੱਚ ਭੀੜ ਭੜੱਕਾ ਹੋਇਆ ਅਤੇ ਇਸ ਹਫੜਾ ਦਫੜੀ ਦਾ ਫਾਇਦਾ ਉਠਾਉਂਦੇ ਹੋਏ ਕੁਝ ਕਾਲਾ ਬਜ਼ਾਰੀ ਕਰਨ ਵਾਲੇ ਵਿਅਕਤੀਆਂ ਵਲੋਂ ਮਹਿੰਗੇ ਭਾਅ ’ਤੇ ਸਬਜ਼ੀਆਂ ਅਤੇ ਖਾਣ ਪੀਣ ਦੀਆਂ ਵਸਤੂਆਂ ਵੇਚੀਆਂ ਗਈਆਂ।ਜਿਸ ਸਬੰਧੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਤੁਰੰਤ ਜਿਲ੍ਹਾ ਪ੍ਰਸ਼ਾਸਨ ਨੂੰ ਇਸ ਮਸਲੇ ਬਾਰੇ ਦੱਸਿਆ ਜਿਸਤੇ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਉਸੇ ਸਮੇਂ ਐਸਡੀਐਮ ਮਾਨਸਾ ਨੂੰ ਸਬਜ਼ੀ ਮੰਡੀ ਮਾਨਸਾ ਵਿੱਚ ਭੇਜਕੇ ਇਸ ਕਾਲਾ ਬਜ਼ਾਰੀ ਤੇ ਰੋਕ ਲਗਵਾਈ ਗਈ ਅਤੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਗਈ।
ਅੱਜ 20 ਮਾਰਚ ਨੂੰ ਸਵੇਰੇ ਸਬਜ਼ੀ ਮੰਡੀ ਖੁਲ੍ਹਣ ’ਤੇ ਐਸਡੀਐਮ ਮਾਨਸਾ ਨੇ ਖੁਦ ਮੌਕੇ ’ਤੇ ਜਾ ਕੇ ਜਰੂਰੀ ਸਬਜ਼ੀਆਂ ਦੀ ਖਰੀਦੋ ਫਰੋਖਤ ’ਤੇ ਨਜ਼ਰ ਰੱਖੀ ਅਤੇ ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀਆਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਅਤੇ ਖਾਣ ਪੀਣ ਦੀਆਂ ਵਸਤੂਆਂ ਦੀ ਲੋਕਾਂ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਹੋਏ ਹਨ ਅਤੇ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਇਸਤੋਂ ਬਾਅਦ ਵਪਾਰ ਮੰਡਲ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਡਾ. ਧੰਨਾ ਮੱਲ ਗੋਇਲ ਵੱਲੋਂ ਸਬਜ਼ੀ ਮੰਡੀ ਦੇ ਆੜ੍ਹਤੀਆਂ ਅਤੇ ਦੁਕਾਨਦਾਰਾਂ ਨਾਲ ਮਿਲ ਕੇ ਸਬਜ਼ੀ ਮੰਡੀ ਵਿੱਚ ਕਾਲਾ ਬਜ਼ਾਰੀ ਨਾ ਹੋਣ ਸਬੰਧੀ ਨਜ਼ਰ ਰੱਖੀ ਗਈ। ਇਸ ਸਮੇਂ ਇੰਨ੍ਹਾਂ ਵੱਲੋਂ ਕਿਹਾ ਗਿਆ ਕਿ ਵਿਸ਼ਵ ਮਹਾਂਮਾਰੀ ਦੇ ਹਾਲਾਤ ਵਿੱਚ ਲੋਕਾਂ ਨੂੰ ਕਾਲਾ ਬਜ਼ਾਰੀ ਤੋਂ ਬਚਣਾ ਚਾਹੀਦਾ ਹੈ ਬਲਕਿ ਹਰ ਇੱਕ ਨੂੰ ਇੱਕ ਦੂਜੇ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੀ ਮਹਾਂਮਾਰੀ ਦਾ ਰਲ ਮਿਲ ਕੇ ਮੁਕਾਬਲਾ ਕੀਤਾ ਜਾ ਸਕੇ।