ਪਰਵਿੰਦਰ ਸਿੰਘ ਕੰਧਾਰੀ
- ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀਆਂ 12 ਲੈਬਜ਼ ਖੋਲ੍ਹਣ ਦਾ ਟੀਚਾ
ਫ਼ਰੀਦਕੋਟ, 15 ਸਤੰਬਰ 2020 - ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਅਤੇ ਲੋਕਾਂ ਦੀਆਂ ਸੈਪਲਿੰਗ ਸਬੰਧੀ ਮੁਸ਼ਕਿਲਾਂ ਦਾ ਹੱਲ ਕਰਦਿਆਂ ਸਰਕਾਰੀ ਰੇਟਾਂ ਤੇ ਹੁਣ ਮਹਿਜ਼ 250/- ਰੁਪਏ ਨਾਲ ਟੈਸਟ ਹੋ ਸਕੇਗਾ ਅਤੇ ਇਸ ਦੀ ਰਿਪੋਰਟ ਵੀ ਕੁਝ ਹੀ ਘੰਟਿਆਂ ਬਾਅਦ ਮਿਲ ਸਕੇਗੀ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਚੰਦਰ ਸ਼ੇਖਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਕੁਲਦੀਪ ਧੀਰ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸਾਹਮਣੇ ਅੰਜਲੀ ਲੈਬਜ਼ ਜੇ ਐਮ ਜੇ ਕੇ ਦਾ ਉਦਘਾਟਨ ਕਰਨ ਉਪਰੰਤ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਜ਼ਿਲ੍ਹੇ ਦੀ ਪਹਿਲੀ ਪ੍ਰਾਈਵੇਟ ਲੈਬ ਹੈ ਜਿਸ ਨੂੰ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਨਜੂਰੀ ਦਿੱਤੀ ਗਈ ਹੈ। ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਤਰ੍ਹਾਂ ਦੀਆਂ 12 ਲੈਬਜ਼ ਖੋਲ੍ਹਣ ਦਾ ਟੀਚਾ ਹੈ। ਜਿਸ ਵਿਚ 5 ਫ਼ਰੀਦਕੋਟ 5 ਕੋਟਕਪੂਰਾ 2 ਜੈਤੋ ਅਤੇ ਇਕ ਸਾਦਿਕ ਕਸਬੇ ਦੀ ਅਰਜ਼ੀ ਵੀ ਵਿਚਾਰ ਅਧੀਨ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ ਸਿਹਤ ਵਿਭਾਗ ਵੱਲੋਂ ਸਥਾਪਿਤ ਸਰਕਾਰੀ ਫਲੂਅ ਕਾਰਨਰ ਵਿਖੇ ਕਿਸੇ ਕਾਰਣ ਟੈਸਟ ਕਰਵਾਉਣ ਲਈ ਨਹੀਂ ਜਾ ਸਕਦੇ ਉਨ੍ਹਾਂ ਲਈ ਇਹ ਵਧੀਆ ਸਹੂਲਤ ਹੈ।
ਉਨ੍ਹਾਂ ਕਿਹਾ ਕਿ ਇਹਨਾਂ ਲੈਬਾ ਦੀ ਭਰੋਸੇਯੋਗਤਾ ਵੀ ਸਰਕਾਰੀ ਹਸਪਤਾਲਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਜਿੰਨੀ ਹੀ ਹੈ। ਇਹ ਇਕ ਬਹੁਤ ਵਧੀਆਂ ਉਪਰਾਲਾ ਹੈ ਜਿਸ ਨਾਲ ਸਰਕਾਰੀ ਹਸਪਤਾਲਾਂ ਵਿਚ ਭੀੜ ਘਟੇਗੀ ਉਥੇ ਹੀ ਇਹ ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ ਈ ਰਿਪੋਰਟਿੰਗ ਹੋਵੇਗੀ ਅਤੇ ਉਸ ਅਨੁਸਾਰ ਹੀ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਲੈਬ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਦੇ ਪਾਬੰਦ ਹੋਣਗੇ ਅਤੇ ਕਿਟਸ ਈਸ਼ੂ ਕਰਨ ਸਮੇਂ ਪੁਰਾਣੀਆਂ ਕਿਟਸ ਦੀ ਰਿਪੋਰਟਾਂ ਲੈਣਗੇ ਅਤੇ ਪੋਜਟਿਵ ਕੇਸਾਂ ਦੀ ਰਿਪੋਰਟ ਸ਼ਾਮ ਨੂੰ ਦੇਣ ਲਈ ਪਾਬੰਦ ਹੋਣਗੇ। ਇਸ ਮੌਕੇ ਅੰਜਲੀ ਲੈਬ ਦੇ ਰੀਜਨਲ ਹੈਡ ਰਮਨ ਚਾਵਲਾ,ਪਰਵਿੰਦਰ ਸਿੰਘ ਕੰਧਾਰੀ, ਰਾਕੇਸ਼ ਸ਼ਰਮਾਂ, ਨਰੇਸ਼ ਸ਼ਰਮਾਂ, ਅਤੁਲ ਗੋਇਲ ਅਤੇ ਮਨਦੀਪ ਕੁਮਾਰ ਵੀ ਹਾਜ਼ਰ ਸਨ।