ਰਜਨੀਸ਼ ਸਰੀਨ
- ‘ਹੋਮ ਆਈਸੋਲੇਸ਼ਨ’ ਦੀ ਉਲੰਘਣਾ ਕਰਨ ’ਤੇ ਹੋਵੇਗੀ ਕਾਰਵਾਈ
- ਜ਼ਿਲ੍ਹੇ ’ਚ ਦੋ ਦਿਨਾਂ ’ਚ 83 ਵਿਅਕਤੀ ‘ਹੋਮ ਆਈਸੋਲੇਸ਼ਨ’ ’ਚ ਭੇਜੇ
- ‘ਹੋਮ ਆਈਸੋਲੇਟ’ ਕੀਤੇ 5 ਮਰੀਜ਼ਾਂ ਦਾ ਸਬੰਧਤ ਦੂਸਰੇ ਜ਼ਿਲ੍ਹਿਆਂ ਨਾਲ
ਨਵਾਂਸ਼ਹਿਰ, 17 ਮਈ 2020 - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਸਰਕਾਰ ਦੇ ਸੋਧੇ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ’ਚ ਆਈਸੋਲੇਸ਼ਨ ਵਾਰਡਾਂ ਤੋਂ ‘ਹੋਮ ਆਈਸੋਲੇਸ਼ਨ’ ਭੇਜੇ ਗਏ ਵਿਅਕਤੀਆਂ ’ਤੇ ਸਬੰਧਤ ਸਬ ਡਵੀਜ਼ਨਾਂ ਦੇ ਐਸ ਡੀ ਐਮਜ਼ ਵੱਲੋਂ ਨਿਗਰਾਨੀ ਰੱਖੀ ਜਾਵੇਗੀ ਤਾਂ ਜੋ ਉਹ ‘ਹੋਮ ਆਈਸੋਲੇਸ਼ਨ’ ਦੀ ਉਲੰਘਣਾ ਨਾ ਕਰਨ।
ਅੱਜ ਸ਼ਾਮ ਉਨ੍ਹਾਂ ਜ਼ਿਲ੍ਹੇ ’ਚ ਅੱਜ ਅਤੇ ਕੱਲ੍ਹ 83 ਵਿਅਕਤੀਆਂ ਨੂੰ ਸੋਧੀਆਂ ਗਾਈਡਲਾਈਨਜ਼ ਅਧੀਨ ਘਰਾਂ ਨੂੰ ਭੇਜੇ ਜਾਣ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਇਨ੍ਹਾਂ ’ਚੋਂ ਇੱਕ-ਇੱਕ ਮਰੀਜ਼ ਗੁਰਦਾਸਪੁਰ, ਲੁਧਿਆਣਾ, ਰੋਪੜ, ਕਪੂਰਥਲਾ ਤੇ ਪਟਿਆਲਾ ਨਾਲ ਸਬੰਧਤ ਹੋਣ ਕਾਰਨ ਜ਼ਿਲ੍ਹੇ ’ਚ 78 ਵਿਅਕਤੀ ‘ਹੋਮ ਆਈਸੋਲੇਸ਼ਨ’ ’ਚ ਰਹਿ ਗਏ ਹਨ। ਇਨ੍ਹਾਂ ’ਚ ਸਭ ਤੋਂ ਵਧੇਰੇ 52 ਮਰੀਜ਼ ਬਲਾਚੋਰ ਸਬ ਡਵੀਜ਼ਨ ਨਾਲ, 14 ਮਰੀਜ਼ ਨਵਾਂਸ਼ਹਿਰ ਸਬ ਡਵੀਜ਼ਨ ਨਾਲ ਅਤੇ 12 ਮਰੀਜ਼ ਬੰਗਾ ਸਬ ਡਵੀਜ਼ਨ ਨਾਲ ਸਬੰਧਤ ਹਨ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਬ ਡਵੀਜ਼ਨਾਂ ਦੇ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਇਨ੍ਹਾਂ ਮਰੀਜ਼ਾਂ ’ਤੇ ਮੁਕੰਮਲ ਨਿਗਰਾਨੀ ਰੱਖ ਕੇ ਉਨ੍ਹਾਂ ਦਾ ‘ਅਲਹਿਦਗੀ’ ਸਮਾਂ ਉਨ੍ਹਾਂ ਦੇ ਘਰਾਂ ’ਚ ਪੂਰਾ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਐਸ ਡੀ ਐਮ ਆਪਣੇ ਇਲਾਕੇ ਦੇ ਮਰੀਜ਼ਾਂ ਦੀ ਨਿਗਰਾਨੀ ਸਬੰਧੀ ਕੀਤੇ ਪ੍ਰਬੰਧਾਂ ਦੀ ਰਿਪੋਰਟ ਸੋਮਵਾਰ ਦੁਪਹਿਰ 12 ਵਜੇ ਤੱਕ ਵਧੀਕ ਡਿਪਟੀ ਕਸਿਮਨਰ (ਜ) ਨੂੰ ਸੌਂਪਣਗੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਨਿਗਰਾਨੀ ਲਈ ਅਪਣਾਏ ਜਾਣ ਵਾਲੇ ਮਾਧਿਅਮ ਜਾਂ ਤਰੀਕੇ ਦਾ ਫੈਸਲਾ ਐਸ ਡੀ ਐਮ ਆਪਣੇ ਪੱਧਰ ’ਤੇ ਲੈ ਸਕਦੇ ਹਨ ਤਾਂ ਜੋ ਸਬੰਧਤ ਮਰੀਜ਼ ਦੀ ਇਨ੍ਹਾਂ 7 ਦਿਨਾਂ ਦੀ ਸਥਿਤੀ ਨੂੰ ਵਾਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮਰੀਜ਼ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਸਿਵਲ ਹਸਪਤਾਲ ਨਾਲ ਸੰਪਰਕ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਜੇਕਰ ‘ਹੋਮ ਆਈਸੋਲੇਟ’ ਕੀਤਾ ਕੋਈ ਵੀ ਵਿਅਕਤੀ ਬਾਹਰ ਘੁੰਮਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ, ਜਿਸ ਵਿੱਚ ਪੁਲਿਸ ਕਾਰਵਾਈ ਤੋਂ ਇਲਾਵਾ ਉਸ ਨੂੰ ਦੁਬਾਰਾ ‘ਆਈਸੋਲੇਸ਼ਨ ਵਾਰਡ’ ’ਚ ਰੱਖਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ।