ਰਜਨੀਸ਼ ਸਰੀਨ
- ਸਰਕਾਰ ਵੱਲੋਂ ਦਿੱਤੇ ਦੋ ਵੈਂਟੀਲੇਟਰਾਂ ਸਮੇਤ ਸਿਵਲ ਹਸਪਤਾਲ ਕੋ ਚਾਰ ਵੈਂਟੀਲੇਟਰ
ਨਵਾਂਸ਼ਹਿਰ, 5 ਅਪ੍ਰੈਲ 2020 - ਦੁਬਈ ਦੇ ਕਾਰੋਬਾਰੀ ਅਤੇ ਉੱਘੇ ਸਮਾਜ ਸੇਵੀ ਸ. ਐਸ ਪੀ ਸਿੰਘ ਉਬਰਾਏ ਵੱਲੋਂ ਚਲਾਏ ਜਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟ੍ਰੱਸਟ ਵੱਲੋਂ ਅੱਜ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਲਈ ਦੋ ਵੈਂਟੀਲੇਟਰ ਭੇਟ ਕੀਤੇ ਗਏ। ਜ਼ਿਲ੍ਹਾ ਹਸਪਤਾਲ ’ਚ ਇਸ ਤੋਂ ਪਹਿਲਾਂ ਦੋ ਵੈਂਟੀਲੇਟਰ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਭੇਜੇ ਜਾਣ ਨਾਲ ਹੁਣ ਚਾਰ ਵੈਂਟੀਲੇਟਰ ਹੋ ਗਏ ਹਨ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਸੰਸਥਾ ਦੇ ਦੋਆਬਾ ਜ਼ੋਨ ਦੇ ਮੁਖੀ ਸ. ਅਮਰਜੋਤ ਸਿੰਘ ਅਤੇ ਸਰਬੱਤ ਦਾ ਭਲਾ ਟ੍ਰੱਸਟ ਦੇ ਮੈਂਬਰ ਸ. ਆਤਮ ਪ੍ਰਕਾਸ਼ ਸਿੰਘ ਦਾ ਇਸ ਦੁਰਲੱਭ ਭੇਟ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੀ ਸੰਕਟਕਾਲੀਨ ਸਥਿਤੀ ’ਚੋਂ ਜ਼ਿਲ੍ਹਾ ਲੰਘ ਰਿਹਾ ਹੈ, ਉਸ ਲਈ ਇਨ੍ਹਾਂ ਆਧੁਨਿਕ ਬਣਾਵਟ ਸਾਹ ਮਸ਼ੀਨਾਂ ਦੀ ਸਖਤ ਲੋੜ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਤੋਂ ਪਹਿਲਾਂ ਜ਼ਿਲ੍ਹੇ ਨੂੰ ਦੋ ਵੈਨਟੀਲੇਟਰ ਭੇਜੇ ਜਾਣ ਨਾਲ, ਹੁਣ ਆਈ ਸੀ ਯੂ ਵਾਰਡ ਬਣਾਉਣ ’ਚ ਸਿਹਤ ਵਿਭਾਗ ਨੂੰ ਬਹੁਤ ਮੱਦਦ ਮਿਲ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਬੇਹੋਸ਼ੀ ਮਾਹਿਰ ਡਾਕਟਰਾਂ ਨੂੰ ਡੀ ਐਮ ਸੀ ਹਸਪਤਾਲ ਲੁਧਿਆਣਾ ਤੋਂ ੋਵਿਸ਼ੇਸ਼ ਤੌਰ ’ਤੇ ਸਿਖਲਾਈ ਦਿਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇੰਨਟੈਂਸਿਵ ਕੇਅਰ ਯੂਨਿਟ ਵਾਰਡ ਬਣਾਉਣ ਲਈ ਵੈਂਟੀਲੇਟਰ, ਮਾਹਿਰ ਸਟਾਫ਼ ਅਤੇ ਨਿਰੰਤਰ ਆਕਸੀਜਨ ਸਪਲਾਈ ਆਦਿ ਦੀ ਲੋੜ ਹੋਣ ਕਾਰਨ ਇਸ ਨੂੰ ਜਲਦ ਹੀ ਬਣਵਾਇਆ ਜਾਵੇਗਾ।
ਟ੍ਰੱਸਟ ਦੇ ਪ੍ਰਤੀਨਿਧਾਂ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸੰਕਟਕਾਲੀਨ ਸਮੇਂ ਦੌਰਾਨ ਜ਼ਿਲ੍ਹੇ ’ਚ ਕੋਵਿਡ-19 ਦੀ ਰੋਕਥਾਮ ਲਈ ਕੀਤੇ ਜਾ ਯਤਨਾਂ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟ੍ਰੱਸਟ ਜ਼ਿਲ੍ਹੇ ’ਚ ਇਸ ਸਮੇਂ ਲੋੜੀਂਦੀ ਕਿਸੇ ਵੀ ਮੱਦਦ ਲਈ ਹਾਜ਼ਰ ਹੈ। ਉਨ੍ਹਾਂ ਦੱਸਿਆ ਕਿ ਟ੍ਰੱਸਟ ਵੱਲੋਂ ਹਾਲਾਂ ਕਲ੍ਹ ਹੀ ਅਮਿ੍ਰਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਨੂੰ ਦੋ-ਦੋ ਵੈਂਟੀਲੇਟਰ ਸੌਂਪੇ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਸਲ ਨਵਾਂਸ਼ਹਿਰ ਦੇ ਸਾਬਕਾ ਪ੍ਰਧਾਨ ਲਲਿਤ ਮੋਹਨ ਪਾਠਕ, ਟ੍ਰੱਸਟ ਦੇ ਸਥਾਨਕ ਵਾਲੰਟੀਅਰ ਸ਼ੁੱਭ ਸੈਣੀ ਅਤੇ ਤਜਿੰਦਰ ਸਿੰਘ ਵੀ ਮੌਜੂਦ ਸਨ।