ਸੰਜੀਵ ਸੂਦ
ਲੁਧਿਆਣਾ, 14 ਅਪ੍ਰੈਲ 2020 - ਲੁਧਿਆਣਾ ਦੇ ਬੀ.ਆਰ.ਐਸ. ਨਗਰ ਆਈ ਬਲੌਕ ਦੇ ਵਿੱਚ ਮਾਹੌਲ ਉਸ ਵੇਲੇ ਸਹਿਮ ਵਾਲਾ ਬਣ ਗਿਆ ਜਦੋਂ ਇੱਕ ਔਰਤ ਦੀ ਲਾਸ਼ ਘਰ ਤੋਂ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਪੁਲਿਸ ਦੇ ਨਾਲ ਕੋਰੋਨਾ ਕਮਾਂਡੋ ਵੀ ਮੌਕੇ 'ਤੇ ਪਹੁੰਚੇ। ਗੁਆਂਢੀਆਂ ਨੇ ਦੱਸਿਆ ਕਿ ਗੀਤਾ ਨਾਂਅ ਦੀ ਔਰਤ ਜਿਸ ਦੀ ਉਮਰ ਲਗਭਗ 42 ਸਾਲ ਦੱਸੀ ਜਾ ਰਹੀ ਹੈ ਇੱਥੇ ਕਿਰਾਏ 'ਤੇ ਰਹਿੰਦੀ ਸੀ, ਜਦ ਕਿ ਉਸ ਦਾ ਪਤੀ ਕੰਮਕਾਜ ਲਈ ਜ਼ਿਆਦਾਤਰ ਹੈਦਰਾਬਾਦ ਵਿੱਚ ਹੀ ਰਹਿੰਦਾ ਹੈ। ਉਧਰ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਔਰਤ ਦੇ ਗੁਆਂਢੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਇੱਥੇ ਕਿਰਾਏ ਤੇ ਰਹਿੰਦੀ ਸੀ ਜਦੋਂ ਕਿ ਉਸਦਾ ਪਤੀ ਬਾਹਰ ਰਹਿੰਦਾ ਸੀ, ਉਨ੍ਹਾਂ ਦੱਸਿਆ ਕਿ ਉਹ ਕਈ ਦਿਨਾਂ ਤੋਂ ਘਰ ਵਿੱਚ ਹੀ ਰਹਿ ਰਹੀ ਸੀ ਅਤੇ ਕਰਫਿਊ ਲੱਗਣ ਕਾਰਨ ਕਾਫੀ ਪ੍ਰੇਸ਼ਾਨ ਵੀ ਸੀ। ਉਧਰ ਕੋਰੋਨਾ ਕਮਾਂਡੋ ਨੇ ਦੱਸਿਆ ਕਿ ਔਰਤ ਨੂੰ ਕੋਈ ਵਾਇਰਸ ਹੋਣ ਦੀ ਫਿਲਹਾਲ ਪੁਸ਼ਟੀ ਨਹੀਂ ਹੋਈ ਪਰ ਉਸ ਦਾ ਟੈਸਟ ਜ਼ਰੂਰ ਲੈ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਕਤਲ ਜਾਂ ਖੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ
ਉਧਰ ਦੂਜੇ ਪਾਸੇ ਮੌਕੇ ਤੇ ਪੁੱਜੇ ਥਾਣਾ ਸਰਾਭਾ ਨਗਰ ਦੇ ਏਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਹੀ ਇਸ ਸਬੰਧੀ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਇਹ ਖੁਦਕੁਸ਼ੀ ਹੈ ਜਾਂ ਕਤਲ ਇਹ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ ਹੋਵੇਗਾ। ਪਰ ਸ਼ੁਰੂਆਤੀ ਜਾਂਚ 'ਚ ਇਹ ਕਤਲ ਦਾ ਹੀ ਮਾਮਲਾ ਲੱਗ ਰਿਹਾ ਹੈ।