ਪਰਵਿੰਦਰ ਸਿੰਘ ਕੰਧਾਰੀ
- ਡਾਕਟਰਾਂ ਪੈਰਾ ਮੈਡੀਕਲ ਸਟਾਫ ਤੇ ਆਸ਼ਾ ਵਰਕਰਾਂ ਆਦਿ ਦੇ ਕੰਮਾਂ ਦੀ ਕੀਤੀ ਹੌਸਲਾ ਅਫ਼ਜਾਈ
- ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
- ਲੋਕਾਂ ਨੂੰ ਕਰੋਨਾ ਦੀ ਰੋਕਥਾਮ ਲਈ ਵੱਧ ਤੋਂ ਵੱਧ ਸੈਂਪਲਿੰਗ ਤੇ ਟੈਸਟਿੰਗ ਕਰਾਉਣ ਦੀ ਅਪੀਲ
ਫਰੀਦਕੋਟ, 15 ਸਤੰਬਰ 2020 - ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਪਹਿਲੀ ਕਤਾਰ ਵਿਚ ਹੋ ਕੇ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਆਸ਼ਾ ਵਰਕਰਾਂ ਤੇ ਹੋਰ ਸਟਾਫ਼ ਦੀ ਹੌਸਲਾ ਅਫਜਾਈ ਅਤੇ ਸਿਵਲ ਹਸਪਤਾਲ ਵਿੱਚ ਲੋਕਾਂ ਨੂੰ ਕੋਰੋਨਾ ਸੰਕਟ ਦੌਰਾਨ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਪਤਾ ਲਗਾਉਣ ਲਈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਸ਼ਾਮ ਅਚਾਨਕ ਸਿਵਲ ਹਸਪਤਾਲ ਫਰੀਦਕੋਟ ਦਾ ਦੌਰਾ ਕੀਤਾ ਗਿਆ ।
ਇਸ ਮੌਕੇ ਵਿਸ਼ੇਸ਼ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਸੰਕਟ ਲਈ ਜਿੱਥੇ ਵੱਡੀ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਵੱਧ ਤੋਂ ਵੱਧ ਕਰੋਨਾ ਟੈਸਟਿੰਗ ਕਰਵਾਉਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਇਸ ਮਹਾਂਮਾਰੀ ਦਾ ਪਤਾ ਲਗਾ ਕੇ ਲੋਕਾਂ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ ਅਤੇ ਇਸ ਦੇ ਫੈਲਾਅ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਰਾਜ ਦੇ ਸਮੂਹ ਸਿਵਲ ਹਸਪਤਾਲਾਂ ਵਿੱਚ ਕੋਰੋਨਾ ਦੇ ਇਲਾਜ ਲਈ ਵਿਸ਼ੇਸ਼ ਵਾਰਡ ਬਣਾਏ ਗਏ ਹਨ। ਜਿੱਥੇ ਮਰੀਜ਼ਾਂ ਦਾ ਇਲਾਜ ਸਫ਼ਲਤਾ ਪੂਰਵਕ ਚੱਲ ਰਿਹਾ ਹੈ।
ਸਿੱਧੂ ਨੇ ਕੋਵਿਡ ਦਾ ਜਿਕਰ ਕਰਦਿਆਂ ਕਿਹਾ ਕਿ ਬੇਸ਼ਕ ਇਸ ਸਮੇਂ ਕੋਵਿਡ ਕੇਸ ਜਿਆਦਾ ਗਿਣਤੀ ਵਿਚ ਆ ਰਹੇ ਹਨ ਪਰ ਰਾਜ ਵਿਚ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਉਸੇ ਅਨੁਪਾਤ ਵਿਚ ਵੱਧ ਹੈ। ਉਨ੍ਹਾਂ ਕਿਹਾ ਕਿ ਜਿਆਦਾਤਰ ਮੌਤਾਂ ਉਨਾਂ ਕੇਸਾਂ ਵਿਚ ਹੁੰਦੀਆਂ ਹਨ ਜਿੱਥੇ ਮਰੀਜ ਹਸਪਤਾਲ ਦੇਰੀ ਨਾਲ ਪੁੱਜਦੇ ਹਨ ਅਤੇ ਸਮੇਂ ਸਿਰ ਟੈਸਟ ਨਹੀਂ ਕਰਵਾਉਂਦੇ ਜਾਂ ਜਿਨ੍ਹਾਂ ਨੂੰ ਹੋਰ ਬਿਮਾਰੀਆਂ ਵੀ ਹੁੰਦੀਆਂ ਹਨ। ਉਨ੍ਹਾਂ ਨੇ ਇਸ ਲਈ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੱਛਣ ਵਿਖਾਈ ਦੇਣ ਤੇ ਜਾਂ ਕਿਸੇ ਪਾਜਿਟਿਵ ਮਰੀਜ ਦੇ ਸੰਪਰਕ ਵਿਚ ਆਏ ਹੋਣ ਤੇ ਤੁਰੰਤ ਆਪਣਾ ਕੋਵਿਡ ਟੈਸਟ ਕਰਵਾਉਣ। ਸਰਕਾਰੀ ਹਸਪਤਾਲਾਂ ਵਿਚ ਇਹ ਟੈਸਟ ਬਿਲਕੁਲ ਮੁਫ਼ਤ ਹੈ।
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਰਾਜ ਵਿਚ 928 ਡਾਕਟਰਾਂ ਦੀ ਭਰਤੀ ਕਰ ਰਹੀ ਹੈ ਜਿੰਨਾਂ ਵਿਚੋਂ 146 ਦੀ ਨਿਯੁਕਤੀ ਹੋ ਗਈ ਹੈ ਜਦ ਕਿ 500 ਹੋਰ ਦੀ ਨਿਯੁਕਤੀ ਵੀ ਜਲਦ ਹੋ ਜਾਵੇਗੀ। ਜਦ ਕਿ 428 ਡਾਕਟਰਾਂ ਦੀ ਭਰਤੀ ਲਈ ਵਾਕ ਇਨ ਇੰਟਰਵਿਊ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਲਈ ਇਸ ਸਮੇਂ ਸਿਹਤ ਸੈਕਟਰ ਪ੍ਰਮੁੱਖ ਤਰਜੀਹ ਹੈ ਅਤੇ ਡਾਕਟਰੀ ਅਮਲੇ ਦੀ ਘਾਟ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ।
ਉਨ੍ਹਾਂ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਕੋਰੋਨਾ ਸਬੰਧੀ ਅਫਵਾਹਾਂ ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤੇ ਸਰਕਾਰ ਨੇ ਅਜਿਹੀਆਂ ਝੂਠੀਆਂ ਅਤੇ ਮਨਘੜਤ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦਾ ਨਿਰਣਾ ਲਿਆ ਹੈ ।ਇਸ ਸਬੰਧੀ ਕਈ ਲੋਕਾਂ ਤੇ ਮੁਕੱਦਮੇ ਵੀ ਦਰਜ ਕੀਤੇ ਗਏ ਹਨ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਸਪਤਾਲ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕਰਕੇ ਮਰੀਜਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੁਲਤਾਂ ਸਬੰਧੀ ਫੀਡਬੈਕ ਵੀ ਪ੍ਰਾਪਤ ਕੀਤਾ।
ਇਸ ਮੌਕੇ ਸਿਵਲ ਸਰਜਨ ਡਾ ਰਾਜਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ ਚੰਦਰ ਸ਼ੇਖਰ, ਡਾ ਮਨਜੀਤ ਭੱਲਾ, ਡਾ ਸੰਜੀਵ ਸੇਠੀ, ਨਰੇਸ਼ ਕੁਮਾਰ ਅਤੇ ਕੇਵਲ ਕ੍ਰਿਸ਼ਨ ਕਟਾਰੀਆ ਤੇ ਹੋਰ ਅਧਿਕਾਰੀ ਹਾਜ਼ਰ ਸਨ।