ਹਰਜਿੰਦਰ ਸਿੰਘ ਭੱਟੀ
- ਮਾਰੂ ਬੀਮਾਰੀ ਤੋਂ ਬਚਾਅ ਲਈ ਟੈਸਟ ਕਰਵਾਉਣਾ ਬਹੁਤ ਜ਼ਰੂਰੀ : ਡਾ. ਦਿਲਬਾਗ਼ ਸਿੰਘ
ਮਾਜਰੀ 12 ਨਵੰਬਰ 2020 - ਮੁੱਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬੂਥਗੜ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਲਬਾਗ਼ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਅਧਿਆਪਕਾਂ ਦੀ 'ਕੋਰੋਨਾ ਵਾਇਰਸ' ਦੀ ਜਾਂਚ ਲਈ ਟੈਸਟ ਕੀਤੇ ਅਤੇ ਸਾਰੇ ਟੈਸਟਾਂ ਦੀਆਂ ਰੀਪੋਰਟਾਂ ਨੈਗੇਟਿਵ ਆਈਆਂ। ਡਾ. ਦਿਲਬਾਗ਼ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਿਆਲਬਾ ਦੇ 30 ਅਧਿਆਪਕਾਂ ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤੀੜਾ ਦੇ 5 ਅਧਿਆਪਕਾਂ ਦੇ 'ਰੈਪਿਡ ਕਾਰਡ' ਟੈਸਟ ਕੀਤੇ ਗਏ। ਮੌਕੇ 'ਤੇ ਹੀ ਸਾਰੇ ਟੈਸਟਾਂ ਦੀਆਂ ਰੀਪੋਰਟਾਂ ਦਿੱਤੀਆਂ ਗਈਆਂ।
ਡਾਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਅਧਿਆਪਕਾਂ ਦੇ ਟੈਸਟ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਸਕੂਲ ਦੇ ਪ੍ਰਿੰਸੀਪਲਾਂ ਨੂੰ ਇਸ ਬੀਮਾਰੀ ਤੋਂ ਬਚਾਅ ਲਈ ਤਮਾਮ ਜ਼ਰੂਰੀ ਸਾਵਧਾਨੀਆਂ ਵਰਤਣ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲਗਾਤਾਰ ਆਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਕੂਲ ਆਉਣ ਵਾਲੇ ਬੱਚਿਆਂ ਦਾ ਬਚਾਅ ਬਹੁਤ ਜ਼ਰੂਰੀ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਉਹ ਹਮੇਸ਼ਾ ਮਾਸਕ ਪਾ ਕੇ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਇਕ ਦੂਜੇ ਤੋਂ ਦੂਰੀ ਰੱਖਣ। ਉਨਾਂ ਕਿਹਾ ਕਿ ਇਸ ਬੀਮਾਰੀ ਦੀ ਦਵਾਈ ਆਉਣ ਤਕ ਮਾਸਕ ਹੀ ਦਵਾਈ ਹੈ।
ਡਾ. ਦਿਲਬਾਗ਼ ਸਿੰਘ ਨੇ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਤਾਕਿ ਸਮੇਂ ਸਿਰ ਬੀਮਾਰੀ ਦੀ ਲਾਗ ਦਾ ਪਤਾ ਲੱਗ ਸਕੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੀਮਾਰੀ ਤੋਂ ਬਚਾਅ ਲਈ ਅਪਣੇ ਟੈਸਟ ਕਰਵਾਉਣ ਤੋਂ ਬਿਲਕੁਲ ਵੀ ਨਾ ਘਬਰਾਉਣ। ਉਨਾਂ ਕਿਹਾ, 'ਕਈ ਵਾਰ ਲੋਕ ਹਾਲਤ ਖ਼ਰਾਬ ਹੋਣ 'ਤੇ ਹੀ ਸਿਹਤ ਸੰਸਥਾ ਵਿਚ ਆਉਂਦੇ ਹਨ ਜਿਸ ਕਾਰਨ ਮਰੀਜ਼ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਇਸ ਬੀਮਾਰੀ ਦਾ ਕੋਈ ਵੀ ਲੱਛਣ ਦਿਸਣ 'ਤੇ ਤੁਰੰਤ ਟੈਸਟ ਕਰਵਾਇਆ ਜਾਵੇ ਤਾਕਿ ਸਮੇਂ ਸਿਰ ਇਸ ਬੀਮਾਰੀ ਤੋਂ ਬਚਿਆ ਜਾ ਸਕੇ।'
ਐਸ.ਐਮ.ਓ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਇਕ ਦੂਜੇ ਤੋਂ ਦੂਰੀ ਰੱਖਣ, ਵਾਰ ਵਾਰ ਹੱਥ ਧੋਣ ਅਤੇ ਮਾਸਕ, ਕਪੜੇ, ਚੁੰਨੀ, ਪਰਨੇ ਆਦਿ ਨਾਲ ਹਰ ਸਮੇਂ ਮੂੰਹ ਢੱਕ ਕੇ ਰੱਖਣ ਜਿਹੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨਾਂ ਇਹ ਵੀ ਕਿਹਾ ਕਿ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਮਾੜੀ-ਮੋਟੀ ਤਕਲੀਫ਼ ਹੋਣ 'ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾਵੇ। ਇਸ ਮੌਕੇ ਡਾ. ਵਿਕਾਸ, ਡਾ. ਸੁਬਿਨ, ਬਲਾਕ ਐਕਸਟੈਂਸ਼ਨ ਐਜੂਕੇਟਰ (ਬੀ.ਈ.ਈ) ਬਲਜਿੰਦਰ ਸੈਣੀ, ਹੈਲਥ ਇੰਸਪੈਕਟਰ (ਐਚ.ਆਈ.) ਗੁਰਤੇਜ ਸਿੰਘ, ਸੀ.ਐਚ.ਓ ਪੂਨਮਜੀਤ ਕੌਰ ਆਦਿ ਮੌਜੂਦ ਸਨ।