ਸਿਹਤ ਵਿਭਾਗ ਵਲੋਂ ਕਰਫ਼ਿਊ ਦੌਰਾਨ ਵੱਖ-ਵੱਖ ਯੋਜਨਾਵਾਂ ਤਹਿਤ ਮਾਲੀ ਮਦਦ ਦੇਣ ਦਾ ਕੰਮ ਜਾਰੀ
ਮੋਹਾਲੀ, 10 ਮਈ, 2020 :: ਜਿਥੇ ਜ਼ਿਲਾ ਸਿਹਤ ਵਿਭਾਗ 'ਕੋਰੋਨਾ ਵਾਇਰਸ' ਮਹਾਮਾਰੀ 'ਤੇ ਕਾਬੂ ਪਾਉਣ ਲਈ ਦਿਨ-ਰਾਤ ਸਰਗਰਮ ਹੈ, ਉਥੇ ਹੀ ਜ਼ਿਲੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਓ.ਪੀ.ਡੀ., ਐਮਰਜੈਂਸੀ, ਜਣੇਪਾ, ਜੱਚਾ-ਬੱਚਾ ਟੀਕਾਕਰਨ ਤੇ ਗਰਭਵਤੀ ਔਰਤਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਣੇਪਾ ਕਰਾਉਣ 'ਤੇ ਮਾਲੀ ਇਮਦਾਦ ਦੇਣ ਦੀਆਂ ਸੇਵਾਵਾਂ ਵੀ ਲਗਾਤਾਰ ਜਾਰੀ ਹਨ। ਜ਼ਿਲਾ ਸਿਹਤ ਵਿਭਾਗ ਨੇ ਦੋ ਵੱਖ-ਵੱਖ ਸਿਹਤ ਯੋਜਨਾਵਾਂ ਤਹਿਤ ਲਾਭਪਾਤਰੀਆਂ ਨੂੰ ਕੁਲ 4,23,700 ਰੁਪਏ ਜਾਰੀ ਕੀਤੇ ਹਨ।
ਜ਼ਿਲ•ਾ ਪਰਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ ਨੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਸਰਕਾਰ ਦੁਆਰਾ ਚਲਾਈ ਜਾ ਰਹੀ ਜਨਨੀ ਸੁਰੱਖਿਆ ਯੋਜਨਾ (ਜੇ.ਐਸ.ਵਾਈ) ਤਹਿਤ ਗਰਭ ਅਵਸਥਾ ਅਤੇ ਜਣੇਪੇ ਮਗਰੋਂ ਜੱਚਾ ਤੇ ਬੱਚਾ ਦੀ ਸਿਹਤ ਸੰਭਾਲ ਲਈ ਨਕਦ ਸਹਾਇਤਾ ਰਾਸ਼ੀ ਦਿਤੀ ਜਾਂਦੀ ਹੈ। ਇਸ ਯੋਜਨਾ ਤਹਿਤ ਜ਼ਿਲਾ ਸਿਹਤ ਵਿਭਾਗ ਵਲੋਂ ਕਰਫ਼ਿਊ ਦੇ ਸਮੇਂ ਦੌਰਾਨ ਯਾਨੀ 23 ਮਾਰਚ ਤੋਂ ਲੈ ਕੇ 30 ਅਪ੍ਰੈਲ ਤਕ 2,92,700 ਰੁਪਏ ਦੀ ਕੁਲ ਰਕਮ ਜ਼ਿਲੇ ਦੀਆਂ 450 ਤੋਂ ਵੱਧ ਲਾਭਪਾਤਰੀ ਔਰਤਾਂ ਨੂੰ ਦਿਤੀ ਜਾ ਚੁਕੀ ਹੈ। ਇਹ ਰਕਮ ਔਰਤਾਂ ਦੁਆਰਾ ਦਿਤੇ ਗਏ ਬੈਂਕ ਖਾਤਿਆਂ ਵਿਚ ਪਾਈ ਗਈ ਹੈ। ਉਨਾਂ ਦਸਿਆ ਕਿ ਇਸ ਯੋਜਨਾ ਤਹਿਤ ਪੇਂਡੂ ਖੇਤਰ ਨਾਲ ਸਬੰਧਤ ਗਰਭਵਤੀ ਔਰਤ ਨੂੰ 700 ਰੁਪਏ ਅਤੇ ਸ਼ਹਿਰੀ ਖੇਤਰ ਨਾਲ ਸਬੰਧਤ ਔਰਤ ਨੂੰ 600 ਰੁਪਏ ਦਿਤੇ ਜਾਂਦੇ ਹਨ। ਉਨਾਂ ਦਸਿਆ ਕਿ ਸਾਲ 2005 ਵਿਚ ਚਲਾਈ ਗਈ ਇਸ ਯੋਜਨਾ ਦਾ ਮੰਤਵ ਗਰਭਵਤੀ ਔਰਤਾਂ ਨੂੰ ਸਿਹਤ ਸੰਸਥਾਵਾਂ ਵਿਚ ਜਣੇਪਾ ਕਰਵਾਉਣ ਲਈ ਉਤਸ਼ਾਹਤ ਕਰਨਾ ਹੈ ਤਾਕਿ ਜੱਚਾ ਅਤੇ ਬੱਚਾ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਇਸ ਯੋਜਨਾ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਵਿਚ ਗਰਭਵਤੀ ਔਰਤ ਦੇ ਮੈਡੀਕਲ ਟੈਸਟ ਅਤੇ ਜਣੇਪਾ ਬਿਲਕੁਲ ਮੁਫ਼ਤ ਹੁੰਦੇ ਹਨ ਤੇ ਔਰਤ ਨੂੰ ਹਸਪਤਾਲ ਵਿਚ ਦਾਖ਼ਲ ਹੋਣ ਦੌਰਾਨ ਖ਼ੁਰਾਕ ਵੀ ਦਿਤੀ ਜਾਂਦੀ ਹੈ।
ਇਸੇ ਦੌਰਾਨ ਜ਼ਿਲਾ ਟੀਬੀ ਅਫ਼ਸਰ ਡਾ. ਨਵਦੀਪ ਸਿੰਘ ਨੇ ਜਾਣਕਾਰੀ ਦਿਤੀ ਕਿ ਰਿਵਾਇਜ਼ਡ ਨੈਸ਼ਨਲ ਟੀਬੀ ਕੰਟਰੋਲ ਪ੍ਰੋਗਰਾਮ (ਆਰਐਨਟੀਸੀਪੀ) ਤਹਿਤ ਸਰਕਾਰ ਦੁਆਰਾ ਤਪਦਿਕ ਰੋਗ ਦੇ ਮਰੀਜ਼ਾਂ ਨੂੰ ਹਰ ਮਹੀਨੇ 500 ਰੁਪਏ ਦੀ ਮਾਲੀ ਸਹਾਇਤਾ ਦਿਤੀ ਜਾਂਦੀ ਹੈ। ਉਨਾਂ ਦਸਿਆ ਕਿ ਜ਼ਿਲੇ ਵਿਚ ਟੀਬੀ ਦੇ ਮਰੀਜ਼ਾਂ ਨੂੰ ਮਾਲੀ ਇਮਦਾਦ ਦੇਣ ਦਾ ਕੰਮ ਕਰਫ਼ਿਊ ਦੌਰਾਨ ਵੀ ਜਾਰੀ ਹੈ। ਜ਼ਿਲਾ ਸਿਹਤ ਵਿਭਾਗ ਵਲੋਂ 23 ਮਾਰਚ ਤੋਂ ਲੈ ਕੇ 30 ਅਪ੍ਰੈਲ ਤਕ 1,31,000 ਰੁਪਏ ਦੀ ਕੁਲ ਰਕਮ ਟੀਬੀ ਦੇ 262 ਮਰੀਜ਼ਾਂ ਨੂੰ ਦਿਤੀ ਗਈ ਹੈ ਜਦਕਿ ਬਾਕੀਆਂ ਨੂੰ ਪੈਸੇ ਦੇਣ ਦਾ ਕੰਮ ਲਗਾਤਾਰ ਜਾਰੀ ਹੈ। ਇਹ ਰਕਮ ਉਨਾਂ ਦੁਆਰਾ ਦਿਤੇ ਗਏ ਬੈਂਕ ਖਾਤਿਆਂ ਵਿਚ ਪਾਈ ਗਈ ਹੈ। ਉਨਾਂ ਕਿਹਾ ਕਿ ਇਸ ਯੋਜਨਾ ਦਾ ਮੰਤਵ ਹੈ ਕਿ ਟੀਬੀ ਦੇ ਮਰੀਜ਼ ਅਪਣੇ ਲਈ ਪੌਸ਼ਟਿਕ ਖ਼ੁਰਾਕ ਖ਼ਰੀਦ ਸਕਣ ਅਤੇ ਹਸਪਤਾਲ ਆਉਣ-ਜਾਣ ਦਾ ਖ਼ਰਚਾ ਕਰ ਸਕਣ। ਇਸ ਤੋਂ ਇਲਾਵਾ ਹਰ ਟੀਬੀ ਮਰੀਜ਼ ਨੂੰ ਦਵਾਈ ਵੀ ਬਿਲਕੁਲ ਮੁਫ਼ਤ ਦਿਤੀ ਜਾਂਦੀ ਹੈ। ਇਹ ਰਕਮ ਹਰ ਟੀਬੀ ਮਰੀਜ਼ ਨੂੰ ਦਿਤੀ ਜਾਂਦੀ ਹੈ ਚਾਹੇ ਉਸ ਦਾ ਆਮਦਨ ਪੱਧਰ ਕੋਈ ਵੀ ਹੋਵੇ।