ਭਾਵਨਾ ਗੁਪਤਾ ( ਗੈਸਟ ਰਿਪੋਰਟਰ )
ਪਟਿਆਲਾ, 29 ਜੁਲਾਈ 2020 - ਕੋਵਿਡ-19 ਦੀ ਮਹਾਂਮਾਰੀ ਵਿਚ ਹੇਅਰਿੰਗ ਹੈਂਡੀਕੈਪਡ(ਗੂੰਗੇ-ਬੋਲੇ ) ਕੋਟੇ ਦੇ ਮੁਲਾਜਮਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆਂ ਨੂੰ ਇੱਕ ਪੱਤਰ ਰਾਹੀਂ ਕੋਵਿਡ-19 ਮਹਾਂਮਾਰੀ ਦੌਰਾਨ ਦਫ਼ਤਰ ਨ ਜਾਣ ਦੀ ਛੋਟ ਲਈ ਅਪੀਲ ਕੀਤੀ ਹੈ।
ਰਾਜ ਸਰਕਾਰ ਨੂੰ ਭੇਜੇ ਗਏ ਪੱਤਰ ਅਨੁਸਾਰ ਉਕਤ ਕਰਮਚਾਰੀਆਂ ਨੇ ਦੱਸਿਆ ਹੈ ਕਿ ਇਹ ਹੇਅਰਿੰਗ ਹੈਂਡੀਕੇਪਡ(ਗੂੰਗੇ-ਬਹਿਰੇ) ਕੋਟੇ ਅਧੀਨ ਪੰਜਾਬ ਸਰਕਾਰ ਦੇ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿਚ ਵੱਖ-ਵੱਖ ਪੋਸਟਾਂ ਤੇ ਨਿਯੁਕਤ ਹਨ ਅਤੇ ਇਸ ਸ਼੍ਰੇਣੀ ਤਹਿਤ ਕੰਮ ਕਰ ਰਹੇ ਸਾਰੇ ਹੀ ਕਰਮਚਾਰੀ ਸੁਣਨ ਤੇ ਬੋਲਣ ਵਿਚ ਅਸਮਰੱਥ ਹਨ।
ਕਰਮਚਾਰੀਆਂ ਨੇ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਵਿਚ ਲਿਖਿਆ ਕਿ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਭਲਾਈ ਵਿਭਾਗ ਵੱਲੋਂ ਪੱਤਰ ਨੰ. 11136 ਮਿਤੀ 09.04.2020, ਪੱਤਰ ਨੰ. 36342 ਮਿਤੀ 22.05.2020 ਅਤੇ ਸਟੇਟ ਕਮਿਸ਼ਨਰ ਫਾਰ ਪਰਸਨਸ ਵਿਦ ਡਿਏਬਿਲਟੀ ਦੇ ਪੱਤਰ ਨੰ. 05.05.2020-1 ਡੀਸੀ335 ਮਿਤੀ 09.04.2020 ਅਨੁਸਾਰ ਸਾਨੂੰ ਕੋਵਿਡ-19 ਵਿਚ ਦਫਤਰ ਨ ਆਉਣ ਦੀ ਛੋਟ ਸੀ ਜਿਹੜੀ ਕਿ ਮਈ ਮਹੀਨੇ ਤੱਕ ਚਲਦੀ ਰਹੀ। ਪਰੰਤੂ ਉਸ ਤੋਂ ਬਾਅਦ ਆਪ ਜੀ ਦੇ ਮਹਿਕਮੇ ਵੱਲੋਂ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ। ਜਿਸ ਕਾਰਨ ਸਾਨੂੰ ਹਰ ਰੋਜ਼ ਦਫਤਰ ਬੁਲਾਇਆ ਜਾ ਰਿਹਾ ਹੈ।
ਸਰਕਾਰ ਨੂੰ ਲਿਖੇ ਪੱਤਰ ਵਿਚ ਇਨਾਂ ਕਰਮਚਾਰੀਆਂ ਨੇ ਅਧਿਕਾਰੀਆਂ ਨੂੰ ਲਿਖਿਆ ਕਿ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਕਰੋਨਾ ਮਹਾਂਮਾਰੀ ਨੇ ਸਰਕਾਰੀ ਦਫ਼ਤਰਾਂ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਕੋਈ ਪਤਾ ਨਹੀਂ ਕਿਸ ਮਹਿਕਮੇ ਵਿਚ ਕਿਸ ਵੇਲੇ ਇਹ ਜਾਨਲੇਵਾ ਵਾਇਰਸ ਕਿਸ ਮੁਲਾਜ਼ਮ ਨੂੰ ਆਪਣੀ ਗਿਰਫ਼ਤ ਵਿਚ ਲੈ ਲਵੇ। ਖੁਦਾ ਨ ਖਾਸਤਾ ਜੇ ਉਕਤ ਸ਼੍ਰੇਣੀ ਵਿਚੋਂ ਕੋਈ ਮੁਲਾਜ਼ਮ ਕਰੋਨਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਸੁਣਨ ਬੋਲਣ ਵਿਚ ਅਸਮਰਥ ਹੋਣ ਕਰਕੇ ਇਹ ਮੁਲਾਜ਼ਮ ਆਪਣੀ ਬੀਮਾਰੀ ਨੂੰ ਡਾਕਟਰ ਨਾਲ ਕਿਵੇਂ ਸਾਂਝਾ ਕਰਨਗੇ? ਕਿਵੇਂ ਡਾਕਟਰਾਂ ਵੱਲੋਂ ਦੱਸੀਆਂ ਗਈਆਂ ਦਵਾਈਆਂ ਅਤੇ ਇਲਾਜ ਨੂੰ ਸਮਝਣਗੇ ਅਤੇ ਕਿਵੇਂ ਹੀ ਮੈਡੀਕਲ ਸਟਾਫ ਵੱਲੋਂ ਦੱਸੇ ਜਾਣ ਵਾਲੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਪਾਉਣਗੇ। ਇਨਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਆਪ ਸੁਣਨ ਅਤੇ ਬੋਲਣ ਵਿਚ ਅਸਮੱਰਥ ਹਨ ਅਤੇ ਕੋਵਿਡ ਨਿਰਦੇਸ਼ਾਂ ਅਨੁਸਾਰ ਮਰੀਜ਼ ਨਾਲ ਉਸਦੇ ਘਰ ਦਾ ਕੋਈ ਵੀ ਮੈਂਬਰ ਹਸਪਤਾਲ ਵਿਚ ਜਾ ਕੇ ਮਰੀਜ਼ ਨਾਲ ਨਹੀਂ ਰਹਿ ਸਕਦਾ। ਅਜਿਹੇ ਹਾਲਾਤਾਂ ਵਿਚ ਇਨਾਂ ਕਰਮਚਾਰੀਆਂ ਦੀ ਜਾਨ ਤੇ ਵੀ ਬਣ ਸਕਦੀ ਹੈ। ਜਿਸਦਾ ਜਿੰਮੇਵਾਰ ਆਖਿਰ ਕੌਣ ਹੋਵੇਗਾ?
ਉਕਤ ਪਰੇਸ਼ਾਨੀਆਂ ਦੇ ਮੱਦੇਨਜ਼ਰ ਇਹਨਾਂ ਕਰਮਚਾਰੀਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲਿਖਤ ਬੇਨਤੀ ਕੀਤੀ ਹੈ ਕਿ ਸਾਡੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਤਰਸ ਦੇ ਆਧਾਰ ਤੇ ਕੋਵਿਡ ਮਹਾਂਮਾਰੀ ਦੇ ਦੌਰਾਨ ਸਾਨੂੰ ਘਰ ਤੋਂ ਹੀ ਦਫਤਰ ਦਾ ਕੰਮ ਕਰਨ ਅਤੇ ਦਫਤਰ ਨ ਆਉਣ ਦੀ ਛੋਟ ਦਿੱਤੀ ਜਾਵੇ, ਜਿਵੇਂ ਕਿ ਪਹਿਲਾਂ ਅਪ੍ਰੈਲ ਦੇ ਮਹੀਨੇ ਵਿੱਚ ਵੀ ਆਪ ਜੀ ਵੱਲੋਂ ਦਿੱਤੀ ਗਈ ਸੀ। ਇਨਾਂ ਕਰਮਚਾਰੀਆਂ ਨੇ ਮੰਗ ਕੀਤੀ ਹੈ ਕਿ ਉਕਤ ਕੋਟੇ ਲਈ ਕੋਵਿਡ ਮਹਾਂਮਾਰੀ ਦੌਰਾਨ ਦਫਤਰ ਨ ਆਉਣ ਦੀ ਛੋਟ ਸੰਬੰਧੀ ਪੰਜਾਬ ਦੇ ਸਾਰੇ ਦਫਤਰਾਂ ਨੂੰ ਜਲਦ ਹੀ ਪੱਤਰ ਜਾਰੀ ਕੀਤਾ ਜਾਵੇ ਤਾਂ ਕਿ ਇਹਨਾਂ ਕਰਮਚਾਰੀਆਂ ਨਾਲ ਕਿਸੇ ਵੀ ਅਣਹੋਣੀ ਘਟਨਾ ਨੂੰ ਸਮਾਂ ਰਹਿੰਦੇ ਰੋਕਿਆ ਜਾ ਸਕੇ।
ਸੁਣਨ ਅਤੇ ਬੋਲਣ ਚ ਅਸਮੱਰਥ ਕਰਮਚਾਰੀਆਂ ਨੇ ਆਪਣੀ ਦਰਖਾਸਤ ਪੰਜਾਬ ਸਰਕਾਰ ਨੂੰ ਲਗਾ ਦਿੱਤੀ ਹੈ, ਹੁਣ ਵੇਖਣਾ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਦਰਖਾਸਤ ਤੇ ਕੀ ਐਕਸ਼ਨ ਲਿਆ ਜਾਵੇਗਾ।