ਰਾਜਵੰਤ ਸਿੰਘ
- 6 ਮਰੀਜ਼ਾਂ ਨੂੰ ਮਿਲੀ ਛੁੱਟੀ, ਐਕਟਿਵ ਕੇਸ ਹੋਏ 33
ਸ੍ਰੀ ਮੁਕਤਸਰ ਸਾਹਿਬ, 31 ਜੁਲਾਈ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਦੇ ਤਿੰਨ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਸੈਂਪਲਿੰਗ ਦੇ ਨਤੀਜਿਆਂ ਤਹਿਤ ਅੱਜ ਜ਼ਿਲ੍ਹੇ ਅੰਦਰ ਤਿੰਨ ਕੋਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇੱਕ ਪੀੜਤ ਸ੍ਰੀ ਮੁਕਤਸਰ ਸਾਹਿਬ ਦੀ ਬਾਗਵਾਲੀ ਗਲੀ ਨਾਲ ਸਬੰਧਿਤ ਹੈ, ਜਿਸਦੀ ਉਮਰ ਕਰੀਬ 27 ਸਾਲ ਹੈ ਤੇ ਇਸਦਾ ਸੈਂਪਲ ਸੰਗਰੂਰ ਵਿਖੇ ਲਿਆ ਗਿਆ ਸੀ, ਜਿਸਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਦੋਂਕਿ ਪਿੰਡ ਕਾਨਿਆਂਵਾਲੀ ਤੋਂ ਇੱਕ 28 ਸਾਲਾ ਵਿਅਕਤੀ ਤੇ ਪਿੰਡ ਘੱਗਾ ਦਾ ਇੱਕ ਵਿਅਕਤੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿੰਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਕੋਵਿਡ-19 ਸੈਂਟਰ ਵਿਖੇ ਆਈਸੂਲੇਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਿਸ਼ਨ ਫਤਹਿ ਤਹਿਤ ਅੱਜ 6 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਿੰਨ੍ਹਾਂ ਵਿੱਚੋਂ ਦੋ ਮਰੀਜ਼ ਕੋਵਿਡ-19 ਸੈਂਟਰ ਵਿਖੇ ਆਈਸੂਲੇਟ ਸਨ, ਜਦੋਂਕਿ ਚਾਰ ਮਰੀਜ਼ ਘਰਾਂ ਵਿੱਚ ਹੀ ਆਈਸੂਲੇਟ ਚੱਲ ਰਹੇ ਸਨ, ਜਿੰਨ੍ਹਾਂ ਨੂੰ ਅੱਜ ਛੁੱਟੀ ਮਿਲ ਗਈ ਹੈ। ਉਥੇ ਹੀ ਜ਼ਿਲ੍ਹੇ ਅੰਦਰ ਕੋਰੋਨਾ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਜਾਂਚ ਲਈ ਭੇਜੇ ਗਏ ਸੈਂਪਲਾਂ ਵਿੱਚੋਂ ਅੱਜ 193 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 561 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 182 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 234 ਹੋ ਗਿਆ ਹੈ, ਜਿਸ ਵਿੱਚੋਂ 200 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ, ਜਦੋਂਕਿ 33 ਮਰੀਜ਼ ਇਸ ਸਮੇਂ ਐਕਟਿਵ ਚੱਲ ਰਹੇ ਹਨ।