ਰਾਜਵੰਤ ਸਿੰਘ
- 25 ਮਰੀਜ਼ਾਂ ਨੂੰ ਮਿਲੀ ਛੁੱਟੀ, ਐਕਟਿਵ ਕੇਸ ਹੋਏ 291
ਸ੍ਰੀ ਮੁਕਤਸਰ ਸਾਹਿਬ, 24 ਅਗਸਤ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦੇ ਨਿੱਤ ਰੋਜ਼ ਦਰਜਨਾਂ ਕੇਸ ਸਾਹਮਣੇ ਆ ਰਹੇ ਹਨ। ਜ਼ਿਲ੍ਹੇ ਅੰਦਰ ਕੋਰੋਨਾ ਦਾ ਆਤੰਕ ਇਸ ਕਦਰ ਫੈਲ ਰਿਹਾ ਹੈ ਕਿ ਪੂਰੇ ਜ਼ਿਲ੍ਹੇ ਅੰਦਰੋਂ ਕੋਰੋਨਾ ਦੇ ਕੇਸ ਨਜ਼ਰ ਆਉਣ ਲੱਗੇ ਹਨ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਦੇ ਇਕੱਠੇ 52 ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ 52 ਆਏ ਮਾਮਲਿਆਂ ਵਿੱਚੋਂ 9 ਕੇਸ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ, ਜਦੋਂਕਿ 13 ਕੇਸ ਮਲੋਟ, 5 ਕੇਸ ਗਿੱਦੜਬਾਹਾ, 11 ਕੇਸ ਪਿੰਡ ਬਾਦਲ, 1 ਕੇਸ ਪਿੰਡ ਗੁਰੂਸਰ ਜੋਂਧਾ, 1 ਕੇਸ ਪਿੰਡ ਹੁਸਨਰ, 1 ਕੇਸ ਪਿੰਡ ਬੁੱਟਰ ਬਖੂਆ, 1 ਕੇਸ ਪਿੰਡ ਮਹਿਣਾ, 3 ਕੇਸ ਪਿੰਡ ਰੁਪਾਣਾ, 2 ਕੇਸ ਪਿੰਡ ਤੱਪਾ ਖੇੜਾ, 1 ਕੇਸ ਪਿੰਡ ਮਨੀਆਂਵਾਲਾ, 1 ਕੇਸ ਪਿੰਡ ਕਿੱਲਿਆਂਵਾਲੀ, 1 ਕੇਸ ਪਿੰਡ ਸੋਥਾ ਅਤੇ 1 ਕੇਸ ਪਿੰਡ ਅਸਪਾਲਾਂ ਤੋਂ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 25 ਮਰੀਜ਼ਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਅੱਜ 244 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1271 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 470 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲੇ੍ਹੇ ਅੰਦਰ ਕੋਰੋਨਾ ਦਾ ਅੰਕੜਾ 687 ਹੋ ਗਿਆ ਹੈ, ਜਿਸ ਵਿੱਚੋਂ 390 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ, ਜਦੋਂਕਿ ਹੁਣ 291 ਕੇਸ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਕਰਕੇ ਜ਼ਿਲ੍ਹੇ ਅੰਦਰ ਹੁਣ ਤੱਕ 6 ਮੌਤਾਂ ਵੀ ਹੋ ਚੁੱਕੀਆਂ ਹਨ।