ਰਾਜਵੰਤ ਸਿੰਘ
- ਪੀੜਤਾਂ ’ਚ ਔਰਤਾਂ ਵੀ ਸ਼ਾਮਲ, ਐਕਟਿਵ ਕੇਸ ਹੋਏ 96
ਸ੍ਰੀ ਮੁਕਤਸਰ ਸਾਹਿਬ, 12 ਅਗਸਤ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਅੱਜ ਫ਼ਿਰ ਕੋਰੋਨਾ ਦੇ 8 ਨਵੇਂ ਕੇਸ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਅੰਦਰ ਕੋਰੋਨਾ ਦੇ ਕੁੱਲ 8 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਵਿੱਚੋਂ ਇੱਕ ਕੇਸ ਸਥਾਨਕ ਬਾਬਾ ਦੀਪ ਸਿੰਘ ਨਗਰ ਤੋਂ 70 ਸਾਲਾ ਔਰਤ ਹੈ, ਇੱਕ ਕੇਸ ਪਿੰਡ ਰੁਪਾਣਾ ਨਾਲ ਸਬੰਧਿਤ ਹੈ ਜਿਸਦੀ ਉਮਰ 52 ਸਾਲ ਹੈ ਤੇ ਇਹ ਪੀੜਤ ਸੇਤੀਆ ਪੇਪਰ ਮਿੱਲ ਦਾ ਮੁਲਾਜ਼ਮ ਹੈ, ਇੱਕ ਕੇਸ ਪਿੰਡ ਕੋਲਿਆਂਵਾਲੀ ਤੋਂ ਹੈ, ਜਿੱਥੇ 21 ਸਾਲਾ ਔਰਤ ਕੋਰੋਨਾ ਪੀੜਤ ਪਾਈ ਗਈ ਹੈ। ਇਸ ਤੋਂ ਇਲਾਵਾ ਗਿੱਦੜਬਾਹਾ ਦੇ ਠਾਕੁਰ ਮੁਹੱਲੇ ਤੋਂ 30 ਸਾਲਾ ਔਰਤ, ਪਿੰਡ ਹੁਸਨਰ ਤੋਂ 45 ਸਾਲਾ ਵਿਅਕਤੀ, ਦੋ ਕੇਸ ਮਲੋਟ ਤੋਂ ਪੁੱਡਾ ਕਲੋਨੀ ਅਤੇ ਇੱਕ ਕੇਸ ਸਥਾਨਕ ਬਾਵਾ ਕਲੋਨੀ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਜਾਂਚ ਲਈ ਭੇਜੇ ਗਏ ਸੈਂਪਲਾਂ ਵਿੱਚੋਂ ਅੱਜ 100 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 637 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ ਕੁੱਲ 212 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ, ਜਿੰਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਪੁਸ਼ਟੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 337 ਹੋ ਗਿਆ ਹੈ, ਜਿਸ ਵਿੱਚੋਂ 238 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 96 ਕੇਸ ਐਕਟਿਵ ਚੱਲ ਰਹੇ ਹਨ।