ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 30 ਅਗਸਤ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਜ਼ਿਲ੍ਹੇ ਅੰਦਰ ਦਰਜਨਾਂ ਦੀ ਤਾਦਾਦ ਵਿੱਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਖੁਲਾਸਾ ਹੋ ਰਿਹਾ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਦੇ ਇਕੱਠੇ 41 ਕੇਸ ਸਾਹਮਣੇ ਆਏ ਹਨ। ਇਹ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਮਾਮਲਿਆਂ ਵਿੱਚੋਂ 15 ਕੇਸ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ, ਜਦੋਂਕਿ 1 ਕੇਸ ਜ਼ਿਲ੍ਹਾ ਜੇਲ੍ਹ ਪਿੰਡ ਬੂੜਾ ਗੁੱਜਰ, 15 ਕੇਸ ਮਲੋਟ, 2 ਕੇਸ ਗਿੱਦੜਬਾਹਾ, 1 ਕੇਸ ਚੌਂਤਰਾ, 1 ਕੇਸ ਪਿੰਡ ਖਾਨੇ ਕੀ ਢਾਬ, 2 ਕੇਸ ਪਿੰਡ ਬਾਦਲ, 1 ਕੇਸ ਪਿੰਡ ਬਰੀਵਾਲਾ ਅਤੇ 2 ਕੇਸ ਪਿੰਡ ਗੁਰੂਸਰ ਜੋਧਾਂ ਤੋਂ ਸਾਹਮਣੇ ਆਏ ਹਨ, ਜਿੰਨ੍ਹਾਂ ਨੂੰ ਹੁਣ ਆਈਸੂਲੇਟ ਕੀਤਾ ਜਾ ਰਿਹਾ ਹੈ। ਮਲੋਟ ਤੋਂ ਪਾਜ਼ੇਟਿਵ ਆਏ ਕੇਸਾਂ ਵਿੱਚੋਂ ਇੱਕ ਵਿਅਕਤੀ ਦੀ ਅੱਜ ਮੌਤ ਵੀ ਹੋ ਗਈ ਹੈ, ਜੋਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਇਲਾਜ ਅਧੀਨ ਸੀ। ਮਿ੍ਰਤਕ ਦੀ ਉਮਰ 75 ਸਾਲ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਅੱਜ 26 ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ 372 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1884 ਸੈਂਪਲ ਬਕਾਇਆ ਹਨ। ਅੱਜ 203 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 874 ਹੋ ਗਿਆ ਹੈ, ਜਿਸ ਵਿੱਚੋਂ 584 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 281 ਕੇਸ ਐਕਟਿਵ ਹਨ। ਵਰਣਨਯੋਗ ਹੈ ਕਿ ਕੋਰੋਨਾ ਦੇ ਚੱਲਦਿਆਂ ਅੱਜ ਹੋਈ ਮੌਤ ਤੋਂ ਬਾਅਦ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ 9 ਹੋ ਗਈ ਹੈ।