ਹਰਿੰਦਰ ਨਿੱਕਾ
- ਰਿਟਾਇਰ ਇੰਜੀਨਅਰ ਹੈ ਕੋਰੋਨਾ ਪਾਜ਼ੀਟਿਵ ਅਮਰਜੀਤ ਸਿੰਘ ਗਗੜਪੁਰ
ਸੰਗਰੂਰ, 9 ਅਪ੍ਰੈਲ 2020 - ਜਿਲ੍ਹੇ ਦੇ ਗਗੜਪੁਰ ਪਿੰਡ ਵਿੱਚ ਵੀ ਕੋਰੋਨਾ ਦਾ ਪਹਿਲਾ ਪਾਜ਼ੀਟਿਵ ਮਰੀਜ਼ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਅਮਰਜੀਤ ਸਿੰਘ (65) ਪੁੱਤਰ ਈਸ਼ਰ ਸਿੰਘ ਵਾਸੀ ਪਿੰਡ ਗਗੜਪੁਰ ਜੋ 24 ਮਾਰਚ ਨੂੰ ਦਿੱਲੀ ਤੋਂ ਲੁਧਿਆਣਾ ਦੇ ਸਾਹਨੇਵਾਲ ਵਿਖੇ ਜਹਾਜ਼ ਰਾਹੀਂ ਪਹੁੰਚਿਆ ਸੀ। ਉਸ ਨਾਲ ਸਫਰ ਕਰਦੇ ਇਕ ਵਿਅਕਤੀ ਨੂੰ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਜਹਾਜ ਵਿਚ ਸਫਰ ਕਰ ਰਹੇ ਸਾਰੇ ਯਾਤਰੀਆਂ ਦੀ ਪਹਿਚਾਣ ਤੋਂ ਬਾਅਦ ਉਹਨਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਸੀ। ਜਿਸ ਵਿਚ ਅਮਰਜੀਤ ਸਿੰਘ ਵੀ ਸ਼ਾਮਲ ਸੀ।
ਜਿਸ ਦਿਨ ਅਮਰਜੀਤ ਨੂੰ ਪਤਾ ਲੱਗਾ ਸੀ ਕਿ ਉਸ ਨਾਲ ਸਫਰ ਕਰਨ ਵਾਲਾ ਵਿਅਕਤੀ ਕੋਰੋਨਾ ਪਾਜ਼ੀਟਿਵ ਹੈ ਤਾਂ ਉਹ ਵੀ ਉਸ ਦਿਨ ਤੋਂ ਮਸਤੂਆਣਾ ਸਾਹਿਬ ਵਿਖੇ ਇਕਾਂਤਵਾਸ ਵਿੱਚ ਰਹਿ ਰਿਹਾ ਸੀ। ਡੀਸੀ ਥੋਰੀ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਉਸ ਦੇ ਸੈਪਲ ਜਾਂਚ ਲਈ ਭੇਜੇ ਸਨ। ਜਿਨ੍ਹਾਂ ਦੀ ਅੱਜ ਰਿਪੋਰਟ ਆ ਗਈ ਹੈ ਅਤੇ ਉਸ ਨੂੰ ਕੁਆਰੰਟਾਇਨ ਸੈਂਟਰ ਵਿਚੋਂ ਕੋਰੋਨਾ ਵਾਰਡ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਹੈ। ਉਹਨਾ ਦੱਸਿਆ ਇਹ ਜਿਲ੍ਹੇ ਦਾ ਪਹਿਲਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਬੰਦਾ ਹੈ।
ਥੋਰੀ ਨੇ ਦੱਸਿਆ ਕਿ ਅਮਰਜੀਤ ਸਿੰਘ ਦੇ ਸੰਪਰਕ 'ਚ ਆਏ ਹੋਰ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਸ ਕਿਸ ਦੇ ਸੰਪਰਕ ਵਿਚ ਆਇਆ ਸੀ। ਉਹਨਾਂ ਕਿਹਾ ਕਿ ਅਮਰਜੀਤ ਦੇ ਪਿੰਡ ਦੇ ਲੋਕਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਦੇ ਰਿਸ਼ਤੇਦਾਰਾਂ ਅਤੇ ਹਿਤੈਸ਼ੀਆਂ ਬਾਰੇ ਸਹੀ ਜਾਣਕਾਰੀ ਮਿਲ ਸਕੇ। ਮੁੱਢਲੀ ਜਾਣਕਾਰੀ ਅਨੁਸਾਰ ਸੇਵਾ ਮੁਕਤ ਇੰਜੀਨੀਅਰ ਅਮਰਜੀਤ ਸਿੰਘ ਹੁਣ ਛਤੀਸ਼ਗੜ੍ਹ ਦੀ ਇਕ ਕੰਪਨੀ ਵਿਚ ਬਤੌਰ ਇੰਜੀਨੀਅਰ ਕੰਮ ਕਰ ਰਿਹਾ ਸੀ।