ਕਰਫਿਊ ਚ ਬਿਨਾ ਪਾਸ ਬਾਹਰ ਘੁੰਮਣਾ ਹੁਣ ਪਊਗਾ ਮਹਿੰਗਾ
-ਕੋਰੋਨਾ ਪਾਜ਼ਿਟਿਵ ਪਾਏ ਜਾਣ ‘ਤੇ ਪੁਲਿਸ ਕੇਸ ਦਰਜ ਕੀਤਾ ਜਾਵੇਗਾ : ਘਨਸ਼ਿਆਮ ਥੋਰੀ
-ਮਹਾਂਮਾਰੀ ਦੇ ਬਾਵਜੂਦ ਲਾਪਰਵਾਹੀ ਵਰਤ ਕੇ ਹੋਰਨਾਂ ਦੀ ਜਾਨ ਨੂੰ ਜ਼ੋਖਿਮ ਵਿਚ ਪਾ ਰਹੇ ਲੋਕਾਂ ਲਈ ਜਾਰੀ ਕੀਤੇ ਹੁਕਮ
ਹਰਿੰਦਰ ਨਿੱਕਾ
ਸੰਗਰੂਰ, 24 ਅਪ੍ਰੈਲ, 2020
ਜ਼ਿਲ੍ਹੇ ਦੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਰੱਖਣ ਲਈ ਲੋਕਾਂ ਨੂੰ ਆਪੋ-ਆਪਣੇ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੀਤੀ ਦਿਨੀਂ ਪਟਿਆਲਾ ਵਿਖੇ ਦੋ ਵਿਅਕਤੀਆਂ ਵਿਰੁੱਧ ਕੋਵਿਡ-19 ਦੀ ਮਹਾਂਮਾਰੀ ਨੂੰ ਫੈਲਾਉਣ ਅਤੇ ਕਰਫ਼ਿਊ ਦੀ ਉਲੰਘਣਾ ਦੇ ਦਰਜ ਹੋਏ ਪੁਲਿਸ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਅਜਿਹਾ ਕੋਈ ਵੀ ਵਿਅਕਤੀ, ਜੋ ਬਿਨਾਂ ਕਿਸੇ ਐਮਰਜੈਂਸੀ ਕਾਰਨਾਂ ਕਰਕੇ ਘਰੋਂ ਬਾਹਰ ਨਿਕਲਿਆ ਹੋਵੇ ਅਤੇ ਕੋਰੋਨਾ ਪਾਜ਼ਿਟਿਵ ਪਾਏ ਜਾਣ ‘ਤੇ ਉਸ ਵਿਰੁੱਧ ਤੁਰੰਤ ਪੁਲਿਸ ਕੇਸ ਦਰਜ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਦੇ ਆਦੇਸ਼ ਦਿੱਤੇ ਹਨ ਜੋ ਕਰਫ਼ਿਊ ਲੱਗਿਆ ਹੋਣ ਦੇ ਬਾਵਜੂਦ ਆਪਣੀਆਂ ਗ਼ੈਰ-ਜ਼ਿੰਮੇਵਰਾਨਾ ਗਤੀਵਿਧੀਆਂ ਜਾਰੀ ਰੱਖ ਰਹੇ ਹਨ ਅਤੇ ਰੋਜ਼ਾਨਾ ਹੀ ਨਿਯਮਾਂ ਨੂੰ ਛਿੱਕੇ ਟੰਗ ਕੇ ਇਕ ਤੋਂ ਵਧੇਰੇ ਥਾਂਵਾਂ ‘ਤੇ ਆ-ਜਾ ਰਹੇ ਹਨ ਜਾਂ ਵੱਧ ਤੋਂ ਵੱਧ ਲੋਕਾਂ ਦੇ ਸੰਪਰਕ ਵਿੱਚ ਆ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਹੁਕਮ ਸਿਰਫ਼ ਉਨ੍ਹਾਂ ਵਿਅਕਤੀਆਂ ਲਈ ਜਾਰੀ ਕੀਤੇ ਗਏ ਹਨ ਜੋ ਮਹਾਂਮਾਰੀ ਦੇ ਬਾਵਜੂਦ ਲਾਪਰਵਾਹੀ ਵਰਤ ਕੇ ਹੋਰਨਾਂ ਦੀ ਜਾਨ ਨੂੰ ਜ਼ੋਖਿਮ ਵਿਚ ਪਾ ਰਹੇ ਹਨ।
ਥੋਰੀ ਨੇ ਕਿਹਾ ਕਿ ‘ਸੁਪਰ ਸਪਰੈਡਰ’ ਵਜੋਂ ਵੱਧ ਤੋਂ ਵੱਧ ਲੋਕਾਂ ਵਿੱਚ ਸੰਕਰਮਣ ਫੈਲਾਉਣ ਵਾਲੇ ਇਹ ਵਿਅਕਤੀ ਸਬਜ਼ੀ ਜਾਂ ਫ਼ਲ ਵਿਕਰੇਤਾ, ਪੁਸਤਕ ਅਤੇ ਦੁੱਧ ਵਿਕਰੇਤਾ ਜਾਂ ਅਜਿਹੇ ਹੀ ਹੋਰ ਵਪਾਰੀ ਵੀ ਹੋ ਸਕਦੇ ਹਨ ਜੋ ਰੋਜ਼ਾਨਾ ਵਧੇਰੇ ਵਿਅਕਤੀਆਂ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਕੋਵਿਡ ਤੋਂ ਬਚਾਅ ਸਬੰਧੀ ਸਾਵਧਾਨੀਆਂ ਦੀ ਵਰਤੋਂ ਨਹੀਂ ਕਰਦੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਵਿਅਕਤੀ ਛੋਟ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ ਅਤੇ ਆਪਣੇ ਵਿੱਤੀ ਲਾਲਚਾਂ ਕਰਕੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਪਾਏ ਜਾਂਦੇ ਹਨ ਤਾਂ ਇਸ ਨੂੰ ਇੱਕ ਵੱਡਾ ਅਪਰਾਧ ਮੰਨਿਆ ਜਾਵੇਗਾ ਤੇ ਭਵਿੱਖ ਵਿੱਚ ਜ਼ਿਲ੍ਹਾ ਸੰਗਰੂਰ ਦਾ ਕੋਈ ਵਸਨੀਕ ਅਜਿਹੀ ਗ਼ੈਰ-ਜ਼ਿੰਮੇਵਰਾਨਾ ਗਤੀਵਿਧੀਆਂ ਕਾਰਨ ਕੋਰੋਨਾ ਪਾਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਤੁਰੰਤ ਪੁਲਿਸ ਕੇਸ ਦਰਜ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਐਮਰਜੈਂਸੀ ਹਾਲਤਾਂ ਤੋਂ ਬਿਨਾਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਘਰਾਂ ਦੇ ਦਰਵਾਜ਼ਿਆਂ ‘ਤੇ ਸਬਜ਼ੀ, ਦੁੱਧ ਜਾਂ ਅਜਿਹੀ ਹੀ ਹੋਰ ਘਰੇਲੂ ਵਸਤੂ ਪ੍ਰਾਪਤ ਕਰਨ ਸਮੇਂ ਸਮਾਜਕ ਦੂਰੀ, ਮਾਸਕ, ਸੈਨੇਟਾਇਜ਼ਰ ਆਦਿ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ।