ਲੋਕੇਸ਼ ਰਿਸ਼ੀ
- ਘਰ ਵਿੱਚ ਇਕਾਂਤਵਾਸ ਮਰੀਜ਼ਾਂ ਦੀ ਸਿਹਤ ਕਰਮਚਾਰੀਆਂ ਦੀ ਟੀਮ ਵੱਲੋਂ ਕੀਤਾ ਜਾਂਦਾ ਹੈ ਫੋਲੋ ਅੱਪ
ਗੁਰਦਾਸਪੁਰ, 24 ਅਗਸਤ 2020 - ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਮੁਤਾਬਿਕ ਹੁਣ ਕੋਰੋਨਾ ਵਾਇਰਸ ਸਬੰਧੀ ਜਾਂਚ ਲਈ ਸੈਂਪਲ ਦੇਣ ਮੌਕੇ ਹੀ ਵਿਅਕਤੀ ਪਾਜ਼ੀਟਿਵ ਆਉਣ 'ਤੇ ਖ਼ੁਦ ਸਵੈ-ਘੋਸ਼ਣਾ ਪੱਤਰ ਦੇ ਕੇ ਘਰ ਵਿੱਚ ਇਕਾਂਤਵਾਸ ਹੋਣ ਲਈ ਅਰਜ਼ੀ ਦੇ ਸਕਦੇ ਹਨ। ਇਸ ਤੋਂ ਪਹਿਲਾਂ ਸਵੈ-ਘੋਸ਼ਣਾ ਪੱਤਰ ਉੱਪਰ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮਨਜ਼ੂਰੀ ਲੈਣੀ ਲਾਜ਼ਮੀ ਕੀਤੀ ਹੋਈ ਸੀ। ਹਾਲਾਂ ਕਿ ਮਰੀਜ਼ ਨੂੰ ਘਰ ਵਿਖੇ ਇਕਾਂਤਵਾਸ ਹੋਣ ਸਬੰਧੀ ਸਿਹਤ ਵਿਭਾਗ ਦੀਆਂ ਕੁੱਝ ਸਖ਼ਤ ਨਿਯਮ ਅਤੇ ਸ਼ਰਤਾਂ ਦਾ ਪਾਲਣ ਕਰਨਾ ਪਵੇਗਾ ਅਤੇ ਜੇਕਰ ਉਹ ਅਜਿਹਾ ਨਹੀਂ ਕਰਦਾ। ਜਾਂ ਉਸ ਵਿੱਚ ਬਿਮਾਰੀ ਦੇ ਲੱਛਣ ਵਧਣੇ ਸ਼ੁਰੂ ਹੋ ਜਾਂਦੇ ਹਨ। ਤਾਂ ਅਜਿਹੀ ਸਥਿਤੀ ਵਿੱਚ ਉਸ ਮਰੀਜ਼ ਨੂੰ ਇਲਾਜ ਲਈ ਹਸਪਤਾਲ ਵਿਖੇ ਲੈ ਜਾਇਆ ਜਾਵੇਗਾ।
ਸਿਵਲ ਸਰਜਨ ਡਾ.ਕਿਸ਼ਨ ਚੰਦ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਡਿਪਟੀ ਕਮਿਸ਼ਨਰਾਂ ਤੇ ਸਿਵਲ ਸਰਜਨਾਂ ਨੂੰ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਲੱਛਣਾਂ ਤੋਂ ਰਹਿਤ ਅਤੇ ਹਲਕੇ ਲੱਛਣਾਂ ਵਾਲੇ ਮਰੀਜ਼਼ ਨੂੰ ਆਪਣਾ ਸੈਂਪਲ ਕਰਵਾਉਣ ਮੌਕੇ ਕੁੱਝ ਸ਼ਰਤਾਂ ਅਧਾਰਿਤ ਸਵੈ-ਘੋਸ਼ਣਾ ਪੱਤਰ ਕਰਕੇ ਦੇ ਸਕਦੇ ਹਨ, ਜਿਸ ਨਾਲ ਉਹ ਘਰ ਵਿੱਚ ਇਕਾਂਤਵਾਸ ਹੋ ਸਕਦੇ ਹਨ। ਸਵੈ-ਘੋਸ਼ਣਾ ਦੇਣ ਵਾਲਿਆਂ ਦੇ ਸੈਂਪਲ ਲੈਣ ਮੌਕੇ ਤਾਇਨਾਤ ਡਾਕਟਰ ਵੱਲੋਂ ਉਨ੍ਹਾਂ ਦੀ ਕਲੀਨੀਕਲ ਜਾਂਚ ਕੀਤੀ ਜਾਵੇਗੀ ਅਤੇ ਪੋਜੀਟਿਵ ਆਉਣ ਉੱਤੇ ਅਨੈਕਸ਼ਚਰ-ਬੀ ਅਨੁਸਾਰ ਇਹ ਮਰੀਜ਼ ਬਿਨਾਂ ਹਸਪਤਾਲ ਲਿਆਂਦੇ ਘਰ ਵਿੱਚ ਇਕਾਂਤਵਾਸ ਹੋ ਸਕਣਗੇ । ਉਨ੍ਹਾਂ ਮਰੀਜ਼ਾਂ ਨੂੰ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਵੀ ਕਰਨੀ ਪਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਮਰੀਜ਼ ਕੋਲ ਰੋਜ਼ਾਨਾ ਸਿਹਤ ਜਾਂਚ ਲਈ ਇੱਕ ਵੱਖਰੀ ਕਿੱਟ ਹੋਣੀ ਜ਼ਰੂਰੀ ਹੈ, ਜਿਸ ਵਿੱਚ ਇੱਕ ਥਰਮਾਮੀਟਰ, ਇੱਕ ਪਲਸ ਔਕਸੀਮੀਟਰ, ਵਿਟਾਮਿਨ-ਸੀ ਅਤੇ ਜ਼ਿੰਕ ਦੀਆਂ ਗੋਲੀਆਂ ਹੋਣਾ ਜ਼ਰੂਰੀ ਹੈ। ਜੇਕਰ ਮਰੀਜ਼਼ ਨੂੰ ਫਿਰ ਵੀ ਕੋਵਿਡ-19 ਬਿਮਾਰੀ ਦੇ ਕੋਈ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਸ ਨੂੰ ਸਬੰਧਿਤ ਸਰਕਾਰੀ ਡਾਕਟਰ ਜਾਂ ਸਿਹਤ ਕਰਮਚਾਰੀ ਨਾਲ ਤੁਰਤ ਸੰਪਰਕ ਕਰਨਾ ਹੋਵੇਗਾ।
ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਘਰ ਵਿੱਚ ਇਕਾਂਤਵਾਸ ਮਰੀਜ਼ਾਂ ਦੀ ਸਿਹਤ ਦਾ ਲਗਾਤਾਰ ਫੋਲੋ ਅੱਪ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਿਹਤ ਕਰਮਚਾਰੀਆਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ । ਜੇਕਰ ਫੋਲੋ ਅੱਪ ਦੌਰਾਨ ਮਰੀਜ਼ ਵੱਲੋਂ ਸਵੈ-ਘੋਸ਼ਣਾ ਪੱਤਰ ਦੀ ਉਲੰਘਣਾ ਜਾਂ ਸਿਹਤ ਵਿੱਚ ਗੜਬੜ ਸਾਹਮਣੇ ਆਉਂਦੀ ਹੈ ਤਾਂ ਮਰੀਜ਼਼ ਨੂੰ ਇਲਾਜ ਲਈ ਕੋਵਿਡ ਸਿਹਤ ਕੇਂਦਰ ਵਿੱਚ ਦਾਖਲ ਕੀਤਾ ਜਾ ਸਕਦਾ ਹੈ।
ਸਿਵਲ ਸਰਜਨ ਅੱਗੇ ਨੇ ਦੱਸਿਆ ਕਿ ਇਸੇ ਤਰ੍ਹਾਂ 60 ਸਾਲ ਦੀ ਉਮਰ ਦੇ ਉਹ ਮਰੀਜ਼਼ ਜੋ ਕੋਵਿਡ-19 ਪਾਜ਼ੀਟਿਵ ਪਾਏ ਜਾਂਦੇ ਹਨ, ਪਰ ਜਿਨ੍ਹਾਂ ਵਿੱਚ ਬਿਮਾਰੀ ਦੇ ਲੱਛਣ ਨਹੀਂ ਮਿਲਦੇ ਜਾਂ ਹਲਕੇ ਲੱਛਣ ਹਨ, ਵੀ ਘਰ ਵਿੱਚ ਇਕਾਂਤਵਾਸ ਕੀਤੇ ਜਾ ਸਕਦੇ ਹਨ। ਕੋਵਿਡ ਪਾਜ਼ੀਟਿਵ ਗਰਭਵਤੀ ਔਰਤਾਂ ਜਿਹੜੀਆਂ ਹਾਈ ਰਿਸਕ ਨਾ ਹੋਣ ਤਾਂ ਨਾ ਹੀ ਤਿੰਨ ਹਫ਼ਤਿਆਂ ਤੱਕ ਅਜੇ ਡਲਿਵਰੀ ਹੋਣੀ ਹੈ, ਵੀ ਔਰਤ ਰੋਗਾਂ ਦੇ ਮਾਹਿਰ ਡਾਕਟਰ ਦੀ ਰਾਏ ਨਾਲ ਘਰ ਵਿੱਚ ਇਕਾਂਤਵਾਸ ਕੀਤੀਆਂ ਜਾ ਸਕਦੀਆਂ ਹਨ। ਇਕਾਂਤਵਾਸ ਕੀਤੇ ਹਰੇਕ ਕੋਵਿਡ ਪਾਜ਼ੀਟਿਵ ਮਰੀਜ਼ ਨੂੰ ਸਰਕਾਰ ਦੇ ਮੋਬਾਈਲ ਕੋਵਾ ਐਪ ਡਾਊਨਲੋਡ ਕਰਨੀ ਲਾਜ਼ਮੀ ਹੈ।