ਹਰਿੰਦਰ ਨਿੱਕਾ
- ਜ਼ਰੂਰੀ ਵਸਤਾਂ ਦੀ ਸਪਲਾਈ 'ਤੇ ਹੋਵੇਗੀ ਛੋਟ-ਡੀਸੀ ਫੂਲਕਾ
ਬਰਨਾਲਾ, 22 ਮਾਰਚ 2020 - ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਪਣੇ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਮ ਜਨਤਾ ਦੀ ਸੁਰੱਖਿਆ ਲਈ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਬਜ਼ਾਰਾਂ, ਦੁਕਾਨਾਂ ਅਤੇ ਕਾਰੋਬਾਰ ਨੂੰ ਬੰਦ ਕੀਤਾ ਜਾਂਦਾ ਹੈ । ਇਹ ਹੁਕਮ 23 ਮਾਰਚ 2020 ਸਵੇਰੇ 6 ਵਜੇ ਤੋਂ 31 ਮਾਰਚ 2020 ਤੱਕ ਲਾਗੂ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਛੋਟ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹੋਵੇਗੀ।
ਹੇਠ ਲਿਖੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਚ, ਹੋਵੇਗੀ ਛੋਟ...
-ਖਾਣ ਪੀਣ ਵਾਲੀਆਂ ਵਸਤਾਂ, ਪੀਣ ਵਾਲੇ ਪਦਾਰਥਾਂ ਦੀ ਸਪਲਾਈ, ਤਾਜਾ ਫ਼ਲ ਅਤੇ ਸਬਜ਼ੀਆਂ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਚਾਰਾ, ਸਾਰੇ ਖਾਣ-ਪੀਣ ਵਾਲੀਆਂ ਵਸਤੂਆਂ ਬਣਾਉਣ ਵਾਲੇ ਕਾਰੋਬਾਰ ਅਤੇ ਉਦਯੋਗ, ਪੈਟਰੋਲ, ਡੀਜ਼ਲ ਅਤੇ ਸੀ.ਐਨ.ਜੀ. ਪੰਪ, ਰਾਈਸ ਸ਼ੈਲਰ (ਜਿਨਾਂ ਵਿੱਚ ਮਿਲਿੰਗ ਚੱਲ ਰਹੀ ਹੋਵੇ), ਦੁੱਧ ਦੇ ਪਲਾਂਟ, ਡੇਅਰੀ ਯੂਨਿਟ, ਪਸ਼ੂਆਂ ਦਾ ਚਾਰਾ ਬਣਾਉਣ ਵਾਲੇ ਯੂਨਿਟ ਅਤੇ ਚਰਗਾਹਾਂ, ਘਰੇਲੂ ਅਤੇ ਕਮਰਸ਼ੀਅਲ ਐਲਪੀਜੀ ਦੀ ਸਪਲਾਈ, ਦਵਾਈਆਂ ਦੀਆਂ ਦੁਕਾਨਾਂ ਅਤੇ ਮੈਡੀਕਲ ਸਟੋਰਾਂ ਵਿੱਚ ਮਿਲਣ ਵਾਲੇ ਸਿਹਤ ਸੇਵਾਵਾਂ ਸਬੰਧੀ ਪਦਾਰਥ, ਸਿਹਤ ਸੇਵਾਵਾਂ,ਮੈਡੀਕਲ ਵਰਤੋਂ ਵਿਚ ਆਉਣ ਵਾਲੇ ਯੰਤਰਾਂ ਦਾ ਉਤਪਾਦਨ, ਸੰਚਾਰ ਸੇਵਾਵਾਂ, ਇੰਸ਼ੋਰੈਂਸ ਸੇਵਾਵਾਂ, ਬੈਂਕ ਅਤੇ ਏ.ਟੀ.ਐਮ ਸੇਵਾਵਾਂ, ਡਾਕਖਾਨਾ, ਕਣਕ ਤੇ ਚੌਲਾਂ ਦੀ ਢੋਆ-ਢਆਈ, ਅਨਾਜ ਦੀ ਖਰੀਦ ਤੇ ਭੰਡਾਰਣ ਲਈ ਵਰਤੇ ਜਾਣ ਵਾਲੇ ਪਦਾਰਥ ਜਿਵੇਂ ਕਿ ਬਾਰਦਾਨਾ, ਥੈਲੇ, ਕਰੇਟ, ਤਰਪਾਲਾਂ ਅਤੇ ਕਵਰ, ਜਾਲੀਆਂ, ਸਲਫਾਸ, ਕੀਟਨਾਸ਼ਕ ਆਦਿ, ਵਾਢੀ ਦੌਰਾਨ ਵਰਤੇ ਜਾਣ ਵਾਲੇ ਸੰਦ ਅਤੇ ਕੰਬਾਇਨਾਂ ਅਤੇ ਫਸਲ ਦੀ ਵਾਢੀ ਸਬੰਧੀ ਕੰਮ ਕਾਜ, ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਸੰਦ ਬਣਾਉਣ ਵਾਲੇ ਯੂਨਿਟ, ਆਂਡੇ, ਪੋਲਟਰੀ ਫੀਡ, ਮੀਡੀਆ, ਈ-ਕਾਮਰਸ ਅਤੇ ਜ਼ਰੂਰੀ ਆਈਟੀ ਸੇਵਾਵਾਂ, ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਜ਼ਰੂਰੀ ਸਾਮਾਨ, ਜ਼ਰੂਰੀ ਸੇਵਾਵਾਂ ਦੀ ਟਰਾਂਸਪੋਰਟੇਸ਼ਨ, ਬਿਜਲੀ ਦੀ ਨਿਰਵਿਘਨ ਸਪਲਾਈ ਲਈ ਲੋਂੜੀਦੇ ਕੰਮ, ਸੰਕਟ ਦੀ ਸਥਿਤੀ ਵਿੱਚ ਪਬਲਿਕ ਹੈਲਥ ਸੇਵਾਵਾਂ, ਪਸ਼ੂ ਪਾਲਣ ਸੰਸਥਾਵਾਂ, ਗੳੂਸ਼ਾਲਾਵਾਂ,ਪੁਲਿਸ, ਸੁਰੱਖਿਆ ਅਤੇ ਹੋਰ ਐਮਰਜੈਂਸੀ ਸੇਵਾਵਾਂ (ਫਾਇਰ)।
-ਜ਼ਿਲੇ ਦੇ ਸਮੂਹ ਢਾਬਿਆਂ, ਅਹਾਤੇ ਅਤੇ ਰੈਸਟੋਰੈਂਟਾਂ ਵਿੱਚ ਬੈਠਣ ਦੀ ਸਹੂਲਤ ਨਹੀਂ ਹੋਵੇਗੀ ਅਤੇ ਸਿਰਫ਼ ਟੇਕ ਅਵੇਅ ਮੀਲ (ਖਾਣਾ ਘਰ ਲਿਜਾਣ) ਦੀ ਸਹੂਲਤ ਨੂੰ ਹੀ ਛੋਟ ਦਿੱਤੀ ਜਾਵੇਗੀ।