ਹਜ਼ੂਰ ਸਾਹਿਬ ਤੋਂ ਪਰਤ ਰਹੇ 90 ਪੰਜਾਬੀ ਮੱਧ ਪ੍ਰਦੇਸ਼ 'ਚ ਫਸੇ, ਹਾਲਤ ਤਰਸਯੋਗ
ਚੰਡੀਗੜ੍ਹ , 18 ਅਪ੍ਰੈਲ, 2020 : ਸ੍ਰੀ ਹਜ਼ੂਰ ਸਾਹਿਬ ਤੋਂ ਪਰਤ ਰਹੇ ਪੰਜਾਬੀਆਂ ਦਾ ਇਕ ਗਰੁੱਪ ਮੱਧ ਪ੍ਰਦੇਸ਼ ਦੇ ਇੰਦੌਰ ਦੇ ਬਾਹਰਵਾਰ ਫਸ ਗਿਆ ਹੈ ਜਿਥੇ ਉਹਨਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਫਸੇ ਪੰਜਾਬੀਆਂ ਦੀ ਗਿਣਤੀ 90 ਦੇ ਕਰੀਬ ਦੱਸੀ ਜਾ ਰਹੀ ਹੈ .
ਬਾਬੂਸ਼ਾਹੀ ਡਾਟ ਕਾਮ ਨਾਲ ਗੱਲਬਾਤ ਕਰਦਿਆਂ ਇਸ ਗਰੁੱਪ ਦੀ ਇਕ ਮਹਿਲਾ ਮਨਜੀਤ ਕੌਰ ਨੇ ਦੱਸਿਆ ਕਿ ਅਸੀਂ ਤਕਰੀਬਨ 90 ਪੰਜਾਬੀ ਪਰਸੋਂ ਹਜ਼ੂਰ ਸਾਹਿਬ ਤੋਂ ਚੱਲੇ ਸੀ ਤੇ ਇੰਦੌਰ ਪਹੁੰਚਣ 'ਤੇ ਪੁਲਿਸ ਨੇ ਸਾਨੂੰ ਰੋਕ ਲਿਆ ਤੇ ਸਾਨੂੰ ਖੇਤਾਂ ਵਿਚ ਠਹਿਰਾਇਆ ਹੋਇਆ ਹੈ ਜਿਥੇ ਨਾ ਖਾਣ ਨੂੰ ਰੋਟੀ, ਨਾ ਪੀਣ ਨੂੰ ਪਾਣੀ ਤੇ ਨਾ ਦਵਾਈਆਂ ਮਿਲ ਰਹੀਆਂ ਹਨ।
ਉਸਨੇ ਦੱਸਿਆ ਕਿ ਅਸੀਂ 70 ਹਜ਼ਾਰ ਰੁਪਏ ਪ੍ਰਤੀ ਗੱਡੀ ਦੇ ਹਿਸਾਬ ਨਾਲ ਕਿਰਾਏ 'ਤੇ ਗੱਡੀਆ ਕੀਤੀਆਂ ਹਨ। ਗਰੁੱਪ ਵਿਚੋਂ ਕੁਝ ਵਿਅਕਤੀ ਮੋਗਾ, ਲੁਧਿਆਣਾ ਤੇ ਡੇਰਾਬਸੀ ਇਲਾਕੇ ਦੇ ਹਨ। ਉਸਨੇ ਦੱਸਿਆ ਕਿ ਸਾਰੀ ਰਾਤ ਅਸੀਂ ਸੌਂ ਨਹੀਂ ਸਕੇ ਤੇ ਸਾਨੂੰ ਕੁਝ ਵੀ ਨਹੀਂ ਮਿਲ ਰਿਹਾ। ਉਸਨੇ ਦੱਸਿਆ ਕਿ ਅਸੀਂ ਨੇੜੇ ਸੜਕ 'ਤੇ ਸਥਿਤ ਇਕ ਗੁਰਦੁਆਰਾ ਸਾਹਿਬ ਵਿਚ ਵੀ ਗਏ ਸੀ ਪਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਅੰਦਰ ਨਹੀਂ ਆਉਣ ਦੇਣਾ, ਪਾਣੀ ਲੈਣਾ ਹੈ ਤਾਂ ਅਸੀਂ ਬਾਹਰ ਪਾਈਪ ਸੁੱਟ ਦਿੰਦੇ ਹਾਂ। ਉਸਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਖਾਣ ਨੂੰ ਰੋਟੀ ਆਦਿ ਕੁਝ ਵੀ ਨਹੀਂ ਦਿੱਤਾ ਗਿਆ।
ਗਰੁੱਪ ਵਿਚ ਪੁਰਸ਼ਾਂ ਤੋਂ ਇਲਾਵਾ ਮਹਿਲਾਵਾਂ, ਬਜ਼ੁਰਗ ਤੇ ਬੱਚੇ ਵੀ ਸ਼ਾਮਲ ਹਨ। ਇਸ ਮਹਿਲਾ ਨੇ ਮਦਦ ਦੀ ਅਪੀਲ ਕਰਦਿਆਂ ਆਖਿਆ ਕਿ ਸਾਨੂੰ ਕਿਸੇ ਵੀ ਤਰ੍ਹਾਂ ਮਦਦ ਕੀਤੀ ਜਾਵੇ।
ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਸਥਾਨਕ ਪੁਲਿਸ ਨੇ ਇਸ ਗਰੁੱਪ ਨੂੰ ਛੋਟ ਦੇ ਦਿੱਤੀ ਹੈ ਕਿ ਜੇਕਰ ਪੰਜਾਬ ਤੋਂ ਇਹ ਆਪਣੇ ਲਾਕਡਾਊਨ ਜਾਂ ਕਰਫਿਊ ਪਾਸ ਮੰਗਵਾ ਲੈਣ ਤਾਂ ਉਹਨਾਂ ਨੂੰ ਜਾਣ ਦੇ ਦਿੱਤਾ ਜਾਵੇਗਾ।