ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੀ ਨਿਵੇਕਲੀ ਪਹਿਲ-ਲੋੜਵੰਦ ਲੇਖਕਾਂ ਤੇ ਕਲਾਕਾਰਾਂ ਨੂੰ ਰਾਸ਼ਨ ਵੰਡਿਆ
ਦੇਵਾਂ ਨੰਦ ਸ਼ਰਮਾ
ਫਰੀਦਕੋਟ, 15 ਮਈ, 2020 :
ਕਰੋਨਾ ਸੰਕਟ ਦੇ ਮੱਦੇਨਜ਼ਰ ਲੋਕਾਂ ਦੀ ਹਿਫਾਜ਼ਤ ਕਰਦਿਆਂ ਜਿਲਾ ਪ੍ਰਸਾਸ਼ਨ ਫਰੀਦਕੋਟ ਵਲੋਂ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਨਿਵੇਕਲੀ ਪਹਿਲਕਦਮੀ ਕੀਤੀ ਗਈ। ਜਿਲੇ ਨਾਲ ਸਬੰਧਤ ਲੋੜਵੰਦ ਲੇਖਕਾਂ,ਕਲਾਕਾਰਾਂ,ਸੰਗੀਤਕਾਰਾਂ,ਗੀਤਕਾਰਾਂ ਆਦਿ ਨੂੰ ਘਰੋਂ ਘਰੀਂ ਰਾਸ਼ਨ ਪੁੱਜਦਾ ਕੀਤਾ ਗਿਆ। ਡਿਪਟੀ ਕਮਿਸ਼ਨਰ ਫਰੀਦਕੋਟ ਵਲੋਂ ਇਸ ਕਾਰਜ ਲਈ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਦੇ ਮੀਡੀਆ ਅਧਿਕਾਰੀ ਤੇ ਪ੍ਰਸਿਧ ਲੇਖਕ ਨਿੰਦਰ ਘੁਗਿਆਣਵੀ ਨੂੰ ਜਿੰਮੇਵਾਰੀ ਸੌਂਪੀ ਗਈ।
(ਨਿੰਦਰ ਘੁਗਿਆਣਵੀ, ਲੇਖਕ ਅਤੇ ਕਾਲਮਨਿਸਟ)
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਜਿਲਾ ਰੈਡ ਕਰਾਸ ਸੁਸਾਇਟੀ ਵਲੋਂ ਰਾਸ਼ਨ ਦੀਆਂ ਕਿੱਟਾਂ ਫਰੀਦਕੋਟ, ਕੋਟਕਪੂਰਾ, ਜੈਤੋ ਤੇ ਸਾਦਿਕ ਤੋਂ ਇਲਾਵਾ ਕੁਝ ਪਿੰਡਾਂ ਵਿਚ ਵੀ ਭੇਜੀਆਂ ਗਈਆਂ ਹਨ। ਜਿਲੇ ਦੇ ਡਿਪਟੀ ਕਮਿਸ਼ਨਰ ਦੇ ਇਸ ਉਪਰਾਲੇ ਦੀ ਲੇਖਕ ਭਾਈਚਾਰੇ ਵਲੋਂ ਸ਼ਲਾਘਾ ਕੀਤੀ ਗਈ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਫਰੀਦਕੋਟ ਨੇ ਦੱਸਿਆ ਕਿ ਕਲਾ ਤੇ ਸਭਿਆਚਾਰ ਨੂੰ ਸਮਰਪਿਤ ਅਜਿਹੇ ਲੋਕਾਂ ਦੀ ਕੁਦਰਤੀ ਸੰਕਟ ਵਿਚ ਹਿਫਾਜ਼ਤ ਕਰਨਾ ਸਾਡਾ ਅਹਿਮ ਫਰਜ ਬਣਦਾ ਹੈ। ਪੰਜਾਬ ਆਰਟ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਡਿਪਟੀ ਕਮਿਸ਼ਨਰ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਾਨੂੰ ਰਲ ਮਿਲ ਕੇ ਅਜਿਹੇ ਉਦਮ ਜਾਰੀ ਰਖਣੇ ਚਾਹੀਦੇ ਹਨ ਤੇ ਸਮਾਜ ਦੇ ਅਹਿਮ ਅੰਗ ਕਲਾ ਖੇਤਰ ਦੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਨਿੰਦਰ ਘੁਗਿਆਣਵੀ ਨੇ ਦਸਿਆ ਕਿ ਲਗਪਗ ਪੰਜਾਹ ਲੋੜਵੰਦ ਪਰਿਵਾਰਾਂ ਦੀ ਸ਼ਨਾਖਤ ਕੀਤੀ ਗਈ ਸੀ ਤੇ ਅੱਗੇ ਵੀ ਕੀਤੀ ਜਾ ਰਹੀ ਹੈ।