ਹਰਿੰਦਰ ਨਿੱਕਾ
- ਜ਼ਰੂਰੀ ਵਸਤਾਂ ਦੀ ਸਪਲਾਈ 'ਤੇ ਹੋਵੇਗੀ ਛੋਟ
ਸੰਗਰੂਰ, 22 ਮਾਰਚ 2020 - ਜ਼ਿਲ੍ਹਾ ਮੈਜਿਸਟਰੇਟ ਘਨਸ਼ਿਆਮ ਥੋਰੀ ਨੇ ਆਮ ਜਨਤਾ ਦੀ ਸੁਰੱਖਿਆ ਲਈ ਮਹਾਂਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਬਜ਼ਾਰ, ਦੁਕਾਨਾਂ ਅਤੇ ਕਾਰੋਬਾਰ ਨੂੰ ਬੰਦ ਕੀਤਾ ਜਾਂਦਾ ਹੈ।ਇਹ ਹੁਕਮ ਅੱਜ ਰਾਤ 12 ਵਜੇ ਤੋਂ 31 ਮਾਰਚ 2020 ਦੀ ਰਾਤ 12 ਵਜੇ ਤੱਕ ਲਾਗੂ ਰਹਿਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਛੋਟ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹੋਵੇਗੀ ਜਿਵੇਂ ਕਿ ਰਾਸ਼ਨ ਦੀ ਸਪਲਾਈ, ਪੀਣ ਵਾਲੇ ਪਦਾਰਥਾਂ ਦੀ ਸਪਲਾਈ, ਤਾਜ਼ਾ ਫ਼ਲ ਅਤੇ ਸਬਜ਼ੀਆਂ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਚਾਰਾ, ਸਾਰੇ ਖਾਣ-ਪੀਣ ਵਾਲੀਆਂ ਵਸਤੂਆਂ ਬਣਾਉਣ ਵਾਲੇ ਕਾਰੋਬਾਰ ਅਤੇ ਉਦਯੋਗ, ਪੈਟਰੋਲ, ਡੀਜ਼ਲ ਅਤੇ ਸੀ.ਐਨ.ਜੀ. ਪੰਪ, ਰਾਈਸ ਸ਼ੈਲਰ (ਜਿਨ੍ਹਾਂ ਵਿੱਚ ਮਿਲਿੰਗ ਚੱਲ ਰਹੀ ਹੋਵੇ), ਦੁੱਧ ਦੇ ਪਲਾਂਟ, ਡੇਅਰੀ ਯੂਨਿਟ, ਪਸ਼ੂਆਂ ਦਾ ਚਾਰਾ ਬਣਾਉਣ ਵਾਲੇ ਯੂਨਿਟ ਅਤੇ ਚਾਰਵਾਹਾਂ, ਘਰੇਲੂ ਅਤੇ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰਾਂ ਦੀ ਸਪਲਾਈ,ਦਵਾਈਆਂ ਦੀਆਂ ਦੁਕਾਨਾਂ, ਮੈਡੀਕਲ ਸਟੋਰਾਂ ਵਿੱਚ ਮਿਲਣ ਵਾਲੇ ਸਿਹਤ ਸੇਵਾਵਾਂ ਸਬੰਧੀ ਪਦਾਰਥ, ਸਿਹਤ ਸੇਵਾਵਾਂ, ਮੈਡੀਕਲ ਵਰਤੋਂ ਵਿੱਚ ਆਉਣ ਵਾਲੇ ਯੰਤਰਾਂ ਦਾ ਉਤਪਾਦਨ, ਸੰਚਾਰ ਸੇਵਾਵਾਂ, ਇੰਸ਼ੋਰੈਂਸ ਸੇਵਾਵਾਂ, ਬੈਂਕ ਅਤੇ ਏ.ਟੀ.ਐਮ ਸੇਵਾਵਾਂ, ਡਾਕਖਾਨਾ, ਕਣਕ ਤੇ ਚਾਵਲ ਦੀ ਢੋਆ-ਢੁਆਈ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਜ਼ਰੂਰੀ ਸਮਾਨ ਅਤੇ ਜ਼ਰੂਰੀ ਸੇਵਾਵਾਂ ਦੀ ਟਰਾਂਸਪੋਰਟੇਸ਼ਨ, ਅਨਾਜ ਦੀ ਖਰੀਦ ਤੇ ਭੰਡਾਰਣ ਲਈ ਵਰਤੇ ਜਾਣ ਵਾਲੇ ਪਦਾਰਥ ਜਿਵੇਂ ਕਿ ਬਾਰਦਾਨਾ, ਥੈਲੇ, ਕਰੇਟ, ਤਰਪਾਲਾਂ ਅਤੇ ਕਵਰ, ਜਾਲੀਆਂ, ਸਲਫਾਸ, ਕੀਟਨਾਸ਼ਕ ਆਦਿ, ਬਿਜਲੀ ਦੀ ਨਿਰਵਿਘਨ ਸਪਲਾਈ ਲਈ ਲੋਂੜੀਦੇ ਕੰਮ, ਸੰਕਟ ਦੀ ਸਥਿਤੀ ਵਿੱਚ ਪਬਲਿਕ ਹੈਲਥ ਸੇਵਾਵਾਂ, ਪੁਲਿਸ, ਸੁਰੱਖਿਆ ਅਤੇ ਹੋਰ ਐਮਰਜੈਂਸੀ ਸੇਵਾਵਾਂ (ਫਾਇਰ), ਫਸਲਾਂ ਦੀ ਵਾਢੀ ਦੌਰਾਨ ਵਰਤੇ ਜਾਣ ਵਾਲੇ ਸੰਦ ਅਤੇ ਕੰਬਾਇਨਾਂ ਅਤੇ ਫਸਲ ਦੀ ਵਾਢੀ ਸਬੰਧੀ ਕੰਮ ਕਾਜ, ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਸੰਦ ਬਣਾਉਣ ਵਾਲੇ ਯੂਨਿਟ, ਮੀਡੀਆ, ਈ-ਕਾਮਰਸ ਅਤੇ ਜ਼ਰੂਰੀ ਆਈ.ਟੀ. ਸੇਵਾਵਾਂ, ਵਸਤਾਂ ਦੀ ਸਪਲਾਈ, ਢੋਆ-ਢੁਆਈ ਵਾਲੇ ਵਹੀਕਲ ਦੇ ਡਰਾਈਵਰ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਹਰ ਪ੍ਰਕਾਰ ਦੀ ਸਾਵਧਾਨੀ ਵਰਤਣਗੇ, ਜ਼ਰੂਰੀ ਸੇਵਾਵਾਂ ਅਧੀਨ ਆਉਂਦੇ ਸਮਾਨ, ਪਦਾਰਥਾਂ ਦਾ ਉਤਪਾਦਨ, ਟਰਾਂਸਪੋਰਟੇਸ਼ਨ, ਭੰਡਾਰਨ, ਥੋਕ ਅਤੇ ਵਿਕਰੀ ਵਗੈਰਾ ਸ਼ਾਮਲ ਅਤੇ ਜ਼ਿਲ੍ਹੇ ਦੇ ਸਮੂਹ ਢਾਬੇ, ਅਹਾਤੇ ਅਤੇ ਰੈਸਟੋਰੈਂਟ ਵਿੱਚ ਬੈਠਣ ਦੀ ਸਹੂਲਤ ਨਹੀਂ ਹੋਵੇਗੀ ਅਤੇ ਸਿਰਫ਼ ਟੇਕ ਅਵੇਅ ਮੀਲ (ਖਾਣਾ ਘਰ ਲਿਜਾਉਣ) ਦੀ ਸਹੂਲਤ ਦਿੱਤੀ ਜਾਵੇਗੀ।
ਦਫਤਰੀ ਹੁਕਮ ਨੰਬਰ 49/ਐਮ.ਏ ਮਿਤੀ 21/03/2020 ਰਾਂਹੀ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਅੰਸ਼ਿਕ ਸੋਧ ਕਰਦਿਆਂ ਕਿਹਾ ਗਿਆ ਹੈ ਕਿ ਕੋਵਿਡ-19 (ਕੋਰੋਨਾ ਵਾਇਰਸ) ਦੀ ਬਿਮਾਰੀ ਵਿਸ਼ਵ ਭਰ ਵਿੱਚ ਫੈਲੀ ਹੋਈ ਹੈ, ਜਿਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ: 14/7/2020 ਮਿਤੀ 5 ਮਾਰਚ 2020 ਰਾਹੀਂ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 13 ਕੇਸ ਪੋਜਟਿਵ ਆ ਚੁੱਕੇ ਹਨ ਪਰੰਤੂ ਜ਼ਿਲ੍ਹਾ ਸੰਗਰੂਰ ਵਿੱਚ ਅਜੇ ਤੱਕ ਕੋਈ ਵੀ ਕੇਸ ਪੋਜੀਟਿਵ ਨਹੀਂ ਆਇਆ ਹੈ। ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਸਬੰਧੀ ਕੁੱਝ ਪਾਬੰਦੀਆਂ ਲਗਾਉਣੀਆਂ ਹੁਣ ਲਾਜ਼ਮੀ ਹੋ ਗਈਆਂ ਹਨ।