ਫ਼ਰੀਦਕੋਟ ਦੀਆਂ ਤਿੰਨੇ ਵਿਧਾਨ ਸਭਾ ਹਲਕਿਆਂ ਤੋਂ ਆਪ ਉਮੀਦਵਾਰ ਜੇਤੂ
- ਫ਼ਰੀਦਕੋਟ ਤੋਂ ਸ.ਗੁਰਦਿੱਤ ਸਿੰਘ ਸੇਖੋਂ, ਕੋਟਕਪੂਰਾ ਤੋਂ ਸ. ਕੁਲਤਾਰ ਸਿੰਘ ਸੰਧਵਾ ਅਤੇ ਜੈਤੋ ਤੋਂ ਅਮੋਲਕ ਸਿੰਘ ਦੀ ਸ਼ਾਨਦਾਰ ਜਿੱਤ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 10 ਮਾਰਚ 2022 - 20 ਫ਼ਰਵਰੀ 2022 ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਫ਼ਰੀਦਕੋਟ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਵੋਟਾਂ ਦੀ ਗਿਣਤੀ ਅੱਜ ਕ੍ਰਮਵਾਰ ਸਰਕਾਰੀ ਬ੍ਰਿੰਜਿਦਰਾ ਕਾਲਜ ਫ਼ਰੀਦਕੋਟ, ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਲੜਕੇ ਕੋਟਕਪੂਰਾ ਅਤੇ ਯੂਨੀਵਰਸਿਟੀ ਕਾਲਜ ਕੈਂਪਸ ਜੈਤੋ ਵਿਖੇ ਭਾਰਤ ਚੋਣ ਕਮਿਸ਼ਨ ਵੱਲੋਂ ਭੇਜੇ ਗਏ ਨਿਗਰਾਨਾਂ ਦੀ ਨਿਗਰਾਨੀ ਅਤੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਹੋਈ।
ਅੱਜ ਵੋਟਾਂ ਦੀ ਗਿਣਤੀ ਵਿੱਚ ਫ਼ਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਗੁਰਦਿੱਤ ਸਿੰਘ ਸੇਖੋਂ 16797 ਨਾਲ ਜੇਤੂ ਰਹੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਹਰਾਇਆ।
ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਕੁਲਤਾਰ ਸਿੰਘ ਸੰਧਵਾ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਗਏ। ਉਨ੍ਹਾਂ ਨੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਸ੍ਰੀ ਅਜੇ ਪਾਲ ਸਿੰਘ ਸੰਧੂ ਨੂੰ 21130 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਿਧਾਨ ਸਭਾ ਹਲਕਾ ਜੈਤੋਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਅਮੋਲਕ ਸਿੰਘ ਜੇਤੂ ਰਹੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਸੂਬਾ ਸਿੰਘ ਬਾਦਲ ਨੂੰ 32789 ਵੋਟਾਂ ਦੇ ਫ਼ਰਕ ਨਾਲ ਹਰਾਇਆ।