‘ਝਾੜੂ ਚੱਲਦਿਆਂ ਹੀ ਰੁੱਤ ਬਦਲੀ’ ਦਾ ਸੰਦੇਸ਼ ਦੇਣ ਲੱਗੇ ਵਧਾਈ ਬੋਰਡ
ਅਸ਼ੋਕ ਵਰਮਾ
ਬਠਿੰਡਾ, 12 ਮਾਰਚ 2022:ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਤੋਂ ਬਾਅਦ ਬਠਿੰਡਾ ’ਚ ਵਧਾਈ ਵਾਲੀਆਂ ਫਲੈਕਸਾਂ ਨੇ ਵੀ ਰੰਗ ਬਦਲ ਲਿਆ ਹੈ। ਹਾਲੇ ਦੋ ਕੁ ਮਹੀਨੇ ਪਹਿਲਾਂ ਤੱਕ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਕ ਫਲੈਕਸ ਲਾਉਣ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਂਦਾ ਸੀ। ਕਈ ਵਾਰ ਤਾਂ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਵੱਲੋਂ ਲਾਈਆਂ ਗਈਆਂ ਫਲੈਕਸਾਂ ਨਗਰ ਨਿਗਮ ਨੇ ਲਾਹ ਵੀ ਦਿੱਤੀਆਂ ਸਨ। ਚੋਣਾਂ ਦਾ ਐਲਾਨ ਹੋਣ ਤੋਂ ਦੋ ਤਿੰਨ ਦਿਨ ਪਹਿਲਾਂ ਦੇਰ ਸ਼ਾਮ ਨੂੰ ਜਦੋਂ ਨਗਰ ਨਿਗਮ ਦੇ ਮੁਲਾਜਮ ਸਿਰਫ ਆਪ ਦੀਆਂ ਫਲੈਕਸਾਂ ਲਾਹ ਰਹੇ ਸਨ ਤਾਂ ਉਨ੍ਹਾਂ ਦਾ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਰੱਫੜ ਪੈਂਦਾ ਮਸਾਂ ਬਚਿਆ ਸੀ।
ਆਪ ਆਗੂਆਂ ਨੇ ਵਿਰੋਧ ਜਤਾਇਆ ਤਾਂ ਨਗਰ ਨਿਗਮ ਦੀ ਟੀਮ ਨੂੰ ਇੱਕ ਵਾਰ ਲਾਹ ਲੁਹਾਈ ਦਾ ਕੰਮ ਬੰਦ ਕਰਨਾ ਪਿਆ ਸੀ। ਹੁਣ ਜਦੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਤਾਂ ਠੇਕੇਦਾਰ ਨੇ ਸ਼ਹਿਰ ਦੀਆਂ ਲੱਗਭਗ ਸਾਰੀਆਂ ਹੀ ਸਾਈਟਾਂ ਤੇ ਜਗਰੂਪ ਗਿੱਲ ਨੂੰ ਵਧਾਈ ਦੇਣ ਵਾਲੇ ਬੋਰਡ ਲਾ ਦਿੱਤੇ ਹਨ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਜੀ ਟੀ ਰੋਡ ਵਾਲੇ ਦਫਤਰ ਦੇ ਐਨ ਸਾਹਮਣੇ ਵੀ ਵੱਡਾ ਫਲੈਕਸ ਲਾਇਆ ਗਿਆ ਹੈ ਜਿੱਥੇ ਪਹਿਲਾਂ ਕਾਂਗਰਸ ਦਾ ਇੱਕ ਛਤਰ ਰਾਜ ਹੁੰਦਾ ਸੀ।
ਰੌਚਕ ਪਹਿਲੂ ਹੈ ਕਿ ਸ਼ਹਿਰ ਵਿਚਦੀ ਲੰਘਦੇ ਕੌਮੀ ਮਾਰਗ ਤੇ ਤਾਂ ਆਪ ਉਮੀਦਵਾਰ ਵੱਲੋਂ 15 ਹਜ਼ਾਰ ਦੀ ਲੀਡ ਲੈਂਦਿਆਂ ਹੀ ਕਾਂਗਰਸ ਦੀਆਂ ਫਲੈਕਸਾਂ ਦੀ ਥਾਂ ਆਮ ਆਦਮੀ ਪਾਰਟੀ ਦੀਆਂ ਫਲੈਕਸਾਂ ਲਾ ਦਿੱਤੀਆਂ ਗਈਆਂ ਸਨ। ਉੱਜ ਵੀ 10 ਮਾਰਚ ਨੂੰ ਵੱਡੀ ਗਿਣਤੀ ’ਚ ਲਾਏ ਬੋਰਡ ਐਨੀ ਜਲਦੀ ਤਾਂ ਤਿਆਰ ਹੋਣੇ ਮੁਸ਼ਕਲ ਹਨ ਜਿਸ ਤੋਂ ਜਾਹਰ ਹੈ ਕਿ ਫਲੈਕਸ ਪ੍ਰਿੰਟਰਾਂ ਨੇ ਪਹਿਲਾਂ ਹੀ ਫਲੈਕਸਾਂ ਤਿਆਰ ਕਰ ਰੱਖੀਆਂ ਸੀ ਜੋ ਗਿੱਲ ਦੇ ਅੱਗੇ ਵਧਣ ਸਾਰ ਹੀ ਲਾ ਦਿੱਤੀਆਂ ਗਈਆਂ। ਇਸ ਤੋਂ ਜਾਹਰ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਆਪਣੀ ਜਿੱਤ ਦਾ ਐਨਾ ਭਰੋਸਾ ਸੀ ਕਿ ਉਨ੍ਹਾਂ ਨੇ ਨਤੀਜਿਆਂ ਦਾ ਇੰਤਜ਼ਾਰ ਕਰਨ ਦੀ ਵੀ ਲੋੜ ਹੀ ਨਹੀਂ ਸਮਝੀ।
ਅੱਜ ਇਸ ਪੱਤਰਕਾਰ ਨੇ ਸ਼ਹਿਰ ਵਿਚਲੀਆਂ ਵੱਖ ਵੱਖ ਥਾਵਾਂ ’ਤ ਘੁੰਮ ਕੇ ਜਾਇਜਾ ਲਿਆ ਤਾਂ ਦੇਖਿਆ ਕਿ ਹਰ ਥਾਂ ਤੇ ‘ਜਗਰੂਪ ਜਗਰੂਪ ‘ ਹੋਈ ਪਈ ਹੈ। ਸੂਤਰ ਆਖਦੇ ਹਨ ਕਿ ਬਠਿੰਡਾ ਵਿੱਚ ਵੱਖ ਵੱਖ ਮਾਮਲਿਆਂ ਨੂੰ ਲੈ ਕੇ ਮਨਪ੍ਰੀਤ ਸਿੰਘ ਬਾਦਲ ਪ੍ਰਤੀ ਲੋਕਾਂ ਦਾ ਗ਼ੁੱਸਾ ਹੈ ਜਿਸ ਦਾ ਇਹ ਨਤੀਜਾ ਹੈ। ਦੱਸਣਯੋਗ ਹੈ ਕਿ ਸਾਲ 2017 ’ਚ ਆਪਣੀ ਜਿੱਤ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਵੀ ਆਈ ਪੀ ਕਲਚਰ ਖਤਮ ਦੇ ਆਪਣੇ ਅਹਿਦ ਨੂੰ ਦੁਰਹਾਉਂਦਿਆਂ ਕਾਂਗਰਸੀ ਆਗੂਆਂ ਨੂੰ ਸ਼ਹਿਰ ’ਚ ਅਜਿਹੇ ਫਲੈਕਸ ਲਾਉਣ ਦੀ ਮਨਾਹੀ ਵੀ ਕੀਤੀ ਸੀ। ਕੁੱਝ ਸਮਾਂ ਸ਼ਹਿਰ ਦੀਆਂ ਸੜਕਾਂ ਸਿਆਸੀ ਬੋਰਡਾਂ ਦੇ ਪੱਖ ਤੋਂ ਸੁੰਨੀਆਂ ਹੋ ਗਈਆਂ ਸਨ ਪਰ ਬਾਅਦ ’ਚ ਸਭ ਕੁੱਝ ਭੁੱਲ ਭੁਲਾ ਦਿੱਤਾ ਗਿਆ।
ਚੋਣਾਂ ਤੋਂ ਪਹਿਲਾਂ ਤਾਂ ਤੱਤਕਾਲੀ ਵਿੱਤ ਮੰਤਰੀ ਦੇ ਬੋਰਡਾਂ ਦੀ ਭਰਮਾਰ ਹੋ ਗਈ ਸੀ। ਇਸੇ ਦੌਰਾਨ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ ਤਾਂ ਬਠਿੰਡਾ ਨੂੰ ਉਨ੍ਹਾਂ ਦੇ ਬੋਰਡਾਂ ਨਾਲ ਲੱਦ ਦਿੱਤਾ ਗਿਆ ਸੀ। ਜੇਤੂ ਪਾਰਟੀ ਦਾ ਇਤਿਹਾਸ ਦੇਖਿਆ ਜਾਵੇ ਤਾਂ ‘ਆਪ’ ਨੂੰ 2014 ਦੀਆਂ ਸੰਸਦੀ ਚੋਣਾਂ ’ਚ ਪੰਜਾਬੀਆਂ ਵੱਲੋਂ ਮਿਲੇ ਜ਼ਬਰਦਸਤ ਹੁੰਗਾਰੇ ਮਗਰੋਂ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਮਹਿਜ਼ 20 ਸੀਟਾਂ ਨਾਲ ਗੁਜ਼ਾਰਾ ਕਰਨਾ ਪਿਆ ਸੀ ਜਿਸ ’ਚ ਬਠਿੰਡਾ ਜਿਲ੍ਹੇ ਦੀਆਂ ਤਿੰਨ ਸੀਟਾਂ ਸਨ। ਵਿਧਾਨ ਸਭਾ ਹਲਕਾ ਮੌੜ ਤੋਂ ਚੋਣ ਜਿੱਤਿਆ ਵਿਧਾਇਕ ਪਹਿਲਾਂ ਸੁਖਪਾਲ ਖਹਿਰਾ ਨਾਲ ਜਾ ਮਿਲਿਆ ਤੇ ਮਗਰੋਂ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ। ਇਸੇ ਤਰਾਂ ਹੀ ਰੁਪਿੰੰਦਰ ਕੌਰ ਰੂਬੀ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ’ਚ ਸ਼ਮੂਲੀਅਤ ਕਰ ਲਈ ਸੀ।
ਇਨ੍ਹਾਂ ਦਲਬਦਲੀਆਂ ਦੇ ਅਧਾਰ ਤੇ ਆਪ ਲੀਡਰਸ਼ਿਪ ਨੂੰ ਕਾਂਗਰਸੀ ਤੇ ਅਕਾਲੀ ਵੋਟਾਂ ਤੋਂ ਪਹਿਲਾਂ ਟਿੱਚਰਾਂ ਕਰਦੇ ਰਹੇ ਸਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਵੀ ਭਗਵੰਤ ਮਾਨ ਹੀ ਜਿੱਤ ਸਕਿਆ ਸੀ। ਬਠਿੰਡਾ ਸ਼ਹਿਰੀ ਹਲਕੇ ’ਚ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦੀ ਹਨੇਰੀ ਅੱਗੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੋਵੇਂ ਢੇਰੀ ਹੋ ਗਏ ਸਨ। ਉਸ ਵਕਤ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਮਨਪ੍ਰੀਤ ਸਿੰਘ ਬਾਦਲ ਦਾ ਸਾਥੀ ਹੁੰਦਾ ਸੀ ਜਿੰਨ੍ਹਾਂ ਦੇ ਸਿਆਸੀ ਰਾਹ ਬਾਅਦ ’ਚ ਵੱਖਰੇ ਹੋ ਗਏ। ਐਤਕੀਂ ਬਠਿੰਡਾ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਰੱਦ ਕਰਕੇ ਆਪ ਦੇ ਹੱਕ ’ਚ ਸਪੱਸ਼ਟ ਫਤਵਾ ਦਿੱਤਾ ਹੈ।
ਖਾਸ ਤੌਰ ਤੇ ਰਵਾਇਤੀ ਲੀਡਰਾਂ ਵੱਲੋਂ ਚੋਣ ਜਿੱਤਣ ਲਈ ਕੀਤੀ ਚੱਕ ਥੱਲ ਵੀ ‘ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ’ ਦੇ ਪੱਖ ’ਚ ਚੱਲੇ ਝੱਖੜ ਨੂੰ ਕਿਸੇ ਵੀ ਤਰ੍ਹਾਂ ਠੱਲਿ੍ਹਆ ਨਹੀਂ ਜਾ ਸਕਿਆ। ਅਜਿਹੀ ਵੱਡੀ ਜਿੱਤ ਦੌਰਾਨ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ’ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਦਾ ਪ੍ਰਗਟਾਵਾ ਉਨ੍ਹਾਂ ਆਪਣੇ ਫਲੈਕਸਾਂ ਰਾਹੀਂ ਕੀਤਾ ਹੈ। ਅੱਜ ਵੀ ਆਮ ਆਦਮੀ ਪਾਰਟੀ ਦੇ ਇੱਕ ਆਗੂ ਦਾ ਪ੍ਰਤੀਕਰਮ ਸੀ ਕਿ ਕੈਪਟਨ ,ਬਾਦਲ,ਸੁਖਬੀਰ ,ਚੰਨੀ ਅਤੇ ਮਨਪ੍ਰੀਤ ਵਰਗੇ ਵੱਡੇ ਸਿਆਸੀ ਧੁਨੰਤਰਾਂ ਨੂੰ ਹਰਾਕੇ ਹਾਸਲ ਕੀਤੀ ਇਸ ਇਤਿਹਾਸਕ ਜਿੱਤ ਦੀ ਵਧਾਈ ਤਾਂ ਦੇਣੀ ਬਣਦੀ ਹੈ।