‘ਸੂਪੜਾ’ ਸਾਫ ਕਰ ਗਿਆ ਮਨਪ੍ਰੀਤ ਵੱਲੋਂ ਲਿਆ ਇੱਕ ਗਲਤ ਫੈਸਲਾ
ਅਸ਼ੋਕ ਵਰਮਾ
ਬਠਿੰਡਾ,10 ਮਾਰਚ2022: ਕੀ ਪੰਜਾਬ ਦੇ ਸਾਬਕਾ ਹੋਣ ਜਾ ਰਹੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋਜੋ ਵੱਲੋਂ ਸ਼ਰਾਬ ਦੇ ਵੱਡੇ ਕਾਰੋਬਾਰੀ ਸੰਦੀਪ ਗੋਇਲ ਦੀ ਪਤਨੀ ਰਮਨ ਗੋਇਲ ਨੂੰ ਨਗਰ ਨਿਗਮ ਬਠਿੰਡਾ ਦੀ ਮੇਅਰ ਬਨਾਉਣਾ ਬਠਿੰਡਾ ਸ਼ਹਿਰੀ ਹਲਕੇ ’ਚ ਕਾਂਗਰਸ ਦੀਆਂ ਜੜਾਂ ’ਚ ਤੇਲ ਦੇਣ ਵਾਲਾ ਸਾਬਤ ਹੋਇਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਟਕਸਾਲੀ ਕਾਂਗਰਸੀ ਜਗਰੂਪ ਸਿੰਘ ਗਿੱਲ ਦੀ 63 ਹਜ਼ਾਰ ਤੋਂ ਵੱਧ ਵੋਟਾਂ ਨਾਲ ਬੰਪਰ ਜਿੱਤ ਤੋਂ ਬਾਅਦ ਬਠਿੰਡਾ ਦੀ ਹੱਟੀ ਭੱਠੀ ਤੇ ਇਹੋ ਗੱਲਾਂ ਹੋ ਰਹੀਆਂ ਹਨ।
ਸ਼ਹਿਰ ਵਾਸੀ ਆਖਦੇ ਹਨ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਰਗੇ ਘਾਗ ਸਿਆਸਤਦਾਨ ਤੋਂ ਰਾਜਨੀਤੀ ਦੇ ਗੁਰ ਸਿੱਖਕੇ ਉਨ੍ਹਾਂ ਨੂੰ ਸਫਲਤਾਪੂਰਵਕ ਅਜਮਾਉਣ ਵਾਲਾ ਮਨਪ੍ਰੀਤ ਸਿੰਘ ਬਾਦਲ ਐਨਾ ਕਿਵੇਂ ਅਵੇਸਲਾ ਹੋ ਗਿਆ ਕਿ ਉਹ ਇਹ ਸਮਝ ਹੀ ਨਹੀਂ ਪਾਇਆ ਕਿ ਜਿਸ ਵਿਅਕਤੀ ਨੂੰ ਅੱਜ ਉਹ ਮੇਅਰ ਨਹੀਂ ਬਣਾ ਰਿਹਾ ਉਹ ਇੱਕ ਦਿਨ ਸਿਆਸੀ ਕੰਧ ਬਣਕੇ ਇੱਕ ਮੰਤਰੀ ਦੀ ਸਲਤਨਤ ਹੀ ਹਿਲਾ ਦੇਵੇਗਾ। ਹਾਲਾਂਕਿ ਸਰਕਾਰੀ ਮੁਲਾਜਮਾਂ ਦੇ ਮਸਲੇ ,ਥਰਮਲ ਬੰਦੀ ਕਰਨ ਅਤੇ ਵਾਅਦੇ ਪੂਰੇ ਨਾਂ ਕਰਨੇ ਵੀ ਮਨਪ੍ਰੀਤ ਬਾਦਲ ਦੀ ਹਾਰ ਲਈ ਜਿੰਮੇਵਾਰ ਮੰਨੇ ਜਾ ਰਹੇ ਹਨ ਪਰ ਅਸਲ ’ਚ ਇਸ ਸ਼ਿਕਸਤ ਦਾ ਮੁੱਢ ਜਗਰੂਪ ਗਿੱਲ ਨਾਲ ਹੋਏ ਧੱਕੇ ਨੇ ਬੰਨਿ੍ਹਆਂ ਹੈ।
ਅੱਜ ਸ਼ਹਿਰ ਦੇ ਕੁੱਝ ਜਨਤਕ ਆਗੂਆਂ ਨੇ ਆਖਿਆ ਕਿ ਮਨਪ੍ਰੀਤ ਨੂੰ ਅਜਿਹੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਕਿਸੇ ਨੇ ਸੋਚਿਆ ਵੀ ਨਹੀਂ ਸੀ। ਦੱਸਣਯੋਗ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਬਣੇ ਜਗਰੂਪ ਸਿੰਘ ਗਿੱਲ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਨਜ਼ਦੀਕੀ ਅਤੇ ਕੱਟੜ ਟਕਸਾਲੀ ਕਾਂਗਰਸੀ ਸਨ। ਆਪਣੇ ਬਲਬੂਤੇ ਤੇ ਉਹ ਹੁਣ ਤੱਕ 7 ਵਾਰ ਕੌਂਸਲਰ ਬਣ ਚੁੱਕੇ ਹਨ। ਉਨ੍ਹਾਂ ਦੀ ਕਾਰਜਸ਼ੈਲੀ ਦਾ ਹੀ ਸਿੱਟਾ ਹੈ ਕਿ ਸਰਕਾਰ ਉਲਟ ਹੋਣ ਦੇ ਬਾਵਜੂਦ ਮਿਊਂਸਿਪਲ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਉਨ੍ਹਾਂ ਹਕੂਮਤੀ ਚੁਣੌਤੀਆਂ ਮੂਹਰੇ ਹਿੱਕ ਡਾਹਕੇ ਕਾਰਜਕਾਲ ਸਫਲਤਾਪੂਰਕ ਨੇਪਰੇ ਚਾੜ੍ਹਿਆ ਸੀ।
ਇਸ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਹੁੰਦਿਆਂ ਵੀ ਗਿੱਲ ਨੇ ਕਈ ਪ੍ਰਜੈਕਟ ਲਿਆਉਣ ਅਤੇ ਮੁਕੰਮਲ ਕਰਨ ’ਚ ਕਾਮਯਾਬੀ ਹਾਸਲ ਕੀਤੀ ਸੀ। ਜਦੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਆਈਆਂ ਤਾਂ ਜਗਰੂਪ ਗਿੱਲ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਸਨ ਜਿੰਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕੀਤਾ ਸੀ। ਇਸੇ ਦੌਰਾਨ ਜਗਰੂਪ ਗਿੱਲ ਨੂੰ ਜਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾ ਦਿੱਤਾ ਗਿਆ । ਜਦੋਂ ਨਗਰ ਨਿਗਮ ਦੀਆਂ ਚੋਣਾਂ ਆਈਆਂ ਤਾਂ ਚੇਅਰਮੈਨੀ ਤੋਂ ਅਸਤੀਫਾ ਦੇਕੇ ਕੌਂਸਲਰ ਦੀ ਚੋਣ ਲੜਨ ਲਈ ਚੋਣ ਮੈਦਾਨ ’ਚ ਕੁੱਦ ਪਏ। ਚੋਣ ਪ੍ਰਚਾਰ ਦੌਰਾਨ ਵਿੱਤ ਮੰਤਰੀ ਜਗਰੂਪ ਗਿੱਲ ਨੂੰ ਮੇਅਰ ਦੇ ਚਿਹਰੇ ਦੇ ਤੌਰ ਤੇ ਪੇਸ਼ ਕਰਦੇ ਰਹੇ ਜਿਸ ਦਾ ਕਾਂਗਰਸ ਨੂੰ ਫਾਇਦਾ ਵੀ ਹੋਇਆ।
ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਕੇ ਕੌਂਸਲਰ ਦੀ ਚੋਣ ਲੜਨਾ ਵੀ ਗਿੱਲ ਨੂੰ ਮੇਅਰ ਵਜੋਂ ਦੇਖਿਆ ਜਾ ਰਿਹਾ ਸੀ। ਇਸ ਦੇ ਉਲਟ ਜਦੋਂ ਮੇਅਰ ਬਨਾਉਣ ਦਾ ਸਮਾਂ ਆਇਆ ਤਾਂ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਪਹਿਲੀ ਵਾਰ ਚੋਣ ਜਿੱਤੀ ਸ਼ਰਾਬ ਦੇ ਵਪਾਰੀ ਸੰਦੀਪ ਗੋਇਲ ਦੀ ਪਤਨੀ ਸਧਾਰਨ ਮਹਿਲਾ ਰਮਨ ਗੋਇਲ ਨੂੰ ਮੇਅਰ ਬਣਾ ਦਿੱਤਾ ਗਿਆ। ਅੱਜ ਵੀ ਕੁੱਝ ਨੇੜਲਿਆਂ ਨੇ ਦਾਅਵਾ ਕੀਤਾ ਕਿ ਗਿੱਲ ਇਸ ਗੱਲ ਨੂੰ ਹਜ਼ਮ ਵੀ ਕਰ ਸਕਦੇ ਸਨ ਪਰ ਹਾਊਸ ਮੀਟਿੰਗਾਂ ਦੌਰਾਨ ਕਈ ਕਾਂਗਰਸੀ ਆਗੂਆਂ ਨੇ ਗਿੱਲ ਨਾਲ ਜਲਾਲਤ ਵਰਗਾ ਵਤੀਰਾ ਅਪਣਾਇਆ ਜੋੇ ਬਲਦੀ ਤੇ ਤੇਲ ਪਾਉਣ ਵਾਲਾ ਸਾਬਤ ਹੋਇਆ ਹੈ।
ਜਦੋਂ ਸਬਰ ਦਾ ਪਿਆਲਾ ਭਰ ਗਿਆ ਤਾਂ ਕਦੇ ਮਨਪ੍ਰੀਤ ਬਾਦਲ ਦੀ ਸੱਜੀ ਬਾਂਹ ਅਖਵਾਉਂਦੇ ਜਗਰੂਪ ਸਿੰਘ ਗਿੱਲ ਅਗਸਤ 2021 ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਜਿਸ ਨੂੰ ਸਿਆਸਤ ਦੇ ਜਾਣਕਾਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਈ ਸਿਆਸੀ ਖਤਰੇ ਦੀ ਪੇਸ਼ੀਨਗੋਈ ਕੀਤੀ ਸੀ। ਬਠਿੰਡਾ ’ਚ ਲਗਾਤਾਰ ਇਹੋ ਚਰਚਾ ਭਾਰੂ ਰਹੀ ਕਿ ਬਠਿੰਡਾ ’ਚ ਸਿਆਸੀ ਤੌਰ ਤੇ ਡਿੱਕਡੋਲੇ ਖਾ ਰਹੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਸਥਾਨਕ ਪ੍ਰਭਾਵਸ਼ਾਲੀ ਨੇ ਇੱਕ ਵੱਡਾ ਆਗੂ ਥਾਲੀ ’ਚ ਪਰੋਸ ਕੇ ਸੌਂਪ ਦਿੱਤਾ ਹੈ। ਆਪ ਨੇ ਗਿੱਲ ਨੂੰ ਉਮੀਦਵਾਰ ਬਣਾ ਲਿਆ ਜਿਸ ਵੱਲੋਂ ਚਲਾਏ ਝਾੜੂ ਕਾਰਨ ਬਠਿੰਡਾ ’ਚ ਹੁਣ ਤੱਕ ਕਿਸੇ ਨੇਤਾ ਦੀ ਸਭ ਤੋਂ ਵੱਡੀ ਜਿੱਤ ਸਾਹਮਣੇ ਆਈ ਹੈ।
ਸਿਆਸੀ ਕੱਦ ਨੇ ਵਿਧਾਇਕ ਬਣਾਇਆ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਿੱਥੇ ਜਗਰੂਪ ਸਿੰਘ ਗਿੱਲ ਨੂੰ ਮੇਅਰ ਨਾਂ ਬਨਾਉਣ ਪਿੱਛੇ ਲਗਾਤਾਰ ਸ਼ਹਿਰੀ ਹਲਕੇ ’ਚ ਉਨ੍ਹਾਂ ਦਾ ਵਧਦਾ ਜਾ ਰਿਹਾ ਕੱਦ ਹੀ ਰਿਹਾ ਉੱਥੇ ਆਮ ਆਦਮੀ ਪਾਰਟੀ ਨੇ ਇਸ ਕੱਦਵਾਰ ਨੇਤਾ ਨੂੰ ਆਪਣੇ ਨਾਲ ਮਿਲਾਉਣ ’ਚ ਰਤਾ ਵੀ ਅੱਖ ਨਹੀਂ ਝਪਕੀ। ਉਂਜ ਵੀ ਗਿੱਲ ਸ਼ਹਿਰ ’ਚ ਕਾਂਗਰਸ ਦੇ ਸਭ ਤੋਂ ਵੱਧ ਸਰਗਰਮ ਅਤੇ ਸੀਨੀਅਰ ਆਗੂ ਸਨ ਜਿੰਨ੍ਹਾਂ ਦੀ ਦਾਅਵੇਦਾਰੀ ਸਾਲ 2007 ’ਚ ਕਾਂਗਰਸੀ ਆਗੂ ਹਰਮਿੰਦਰ ਸਿੰਘ ਜੱਸੀ ਨੂੰ ਅਡਜਸਟ ਕਰਨ ਲਈ ਪਿੱਛੇ ਪਾ ਦਿੱਤੀ ਗਈ ਜਦੋਂਕਿ ਸਾਲ 2017 ’ਚ ਪੀਪਲਜ਼ ਪਾਰਟੀ ਨੂੰ ਭੰਗ ਕਰਕੇ ਕਾਂਗਰਸ ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਬਾਦਲ ਲੇਖੇ ਲੱਗ ਗਈ। ਜਗਰੂਪ ਗਿੱਲ ਨੂੰ ਮੇਅਰ ਦੇ ਅਹੁਦੇ ਵਾਰ ਵੀ ਮੱਖਣ ਵਿੱਚੋਂ ਵਾਲ ਦੀ ਤਰਾਂ ਬਾਹਰ ਕੱਢ ਦਿੱਤਾ ਗਿਆ। ਇਸ ਦੇ ਉਲਟ ਦਿਆਨਤ ਵਾਲੇ ਵਿਹਾਰ ਨੇ ਅੱਜ ਗਿੱਲ ਨੂੰ ਵਿਧਾਇਕੀ ਬਖਸ਼ੀ ਹੈ।