ਮਾਨਸਾ, 21 ਮਾਰਚ 2020 - ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ 23 ਮਾਰਚ ਨੂੰ ਹੋਣ ਵਾਲਾ ਬਾਬਾ ਭਾਈ ਗੁਰਦਾਸ ਦਾ ਮੇਲਾ ਰੱਦ ਕੀਤਾ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਸੰਤ ਅੰਮ੍ਰਿਤ ਮੁਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ 23 ਮਾਰਚ ਨੂੰ ਹੋਣ ਵਾਲਾ ਬਾਬਾ ਭਾਈ ਗੁਰਦਾਸ ਦਾ ਸਾਲਾਨਾ ਮੇਲਾ ਵਿਸ਼ਵ ਪੱਧਰ 'ਤੇ ਫੈਲ ਚੁੱਕੀ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਚੱਲਦਿਆਂ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਵਾਇਰਸ ਤੋਂ ਖੁਦ ਬੱਚਦਿਆਂ ਹੋਰ ਲੋਕਾਂ ਨੂੰ ਵੀ ਇਸ ਤੋਂ ਜਾਣੂ ਕਰਵਾਉਣ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਗੁਰਪਾਲ ਸਿੰਘ ਚਹਿਲ ਵੱਲੋਂ ਵੀ ਮਹਾਂਮਾਰੀ ਰੋਗ ਐਕਟ 1897 ਅਧੀਨ ਮਿਲੇ ਅਧਿਕਾਰਾਂ ਤਹਿਤ ਜ਼ਿਲ੍ਹੇ ਅੰਦਰ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਿਸੇ ਵੀ ਤਰ੍ਹਾਂ ਦੇ ਮੇਲੇ, ਪ੍ਰਦਰਸ਼ਨੀਆਂ, ਸਭਿਆਚਾਰਕ ਸਮਾਗਮ, ਖੇਡ ਮੁਕਾਬਲੇ, ਕਾਨਫਰੰਸਾਂ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਜਨਤਕ ਇੱਕਠ ਕਰਨ 'ਤੇ ਵੀ ਰੋਕ ਲਗਾਈ ਗਈ ਹੈ।