ਰਜਨੀਸ਼ ਸਰੀਨ
ਨਵਾਂਸ਼ਹਿਰ, 29 ਮਾਰਚ 2020 - ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ ਅਦਿਤਿਆ ਉੱਪਲ ਨੇ ਜ਼ਿਲ੍ਹੇ ਦੇ ਉਨ੍ਹਾਂ ਲੋਕਾਂ ਜਿਨ੍ਹਾਂ ’ਚ ਵਿਦੇਸ਼ ਤੋਂ ਪਰਤੇ ਵਿਅਕਤੀਆਂ ਦੇ ਸੰਪਰਕ ’ਚ ਆਉਣ ਬਾਅਦ ਕੋਰੋਮਾ ਵਾਇਰਸ ਦੇ ਲੱਛਣ (ਸੁੱਕੀ ਖੰਘ, ਬੁਖਾਰ, ਸਾਹ ਲੈਣ ’ਚ ਤਕਲੀਫ਼) ਆ ਰਹੇ ਹਨ, ਨੂੰ ਤੁਰੰਤ ਜ਼ਿਲ੍ਹਾ ਕੰਟਰੋਲ ਰੂਮ ਨਵਾਂਸ਼ਹਿਰ (01823-227470, 227471, 227473, 227474, 227476, 227478, 227479, 227480) ’ਤੇ ਸੰਪਰਕ ਕਰਨ ਦੀ ਹਦਾਇਤ ਕੀਤੀ ਹੈ ਤਾਂ ਜੋ ਉਨ੍ਹਾਂ ਵਿਅਕਤੀਆਂ ਦੀ ਸਿਹਤ ਜਾਂਚ ਕਰਕੇ ਟੈਸਟ ਕਰਵਾਏ ਜਾ ਸਕਣ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ’ਚ ਵੀ ਵਿਦੇਸ਼ ਤੋਂ ਪਰਤੇ ਵਿਅਕਤੀ ਨਾਲ ਮੇਲ ਜੋਲ ਬਾਅਦ ਕੋਵਿਡ-19 ਦੇ ਲੱਛਣ ਪ੍ਰਗਟ ਹੋਏ ਹਨ ਤਾਂ ਉਹ ਇਨ੍ਹਾਂ ਨੂੰ ਲੁਕਾ ਕੇ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਖਤਰੇ ’ਚ ਨਾ ਪਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੇ ਕਿਸੇ ਵੀ ਵਿਅਕਤੀ ਦੇ ਟੈਸਟ ਅਤੇ ਇਲਾਜ ਲਈ ਵਚਨਬੱਧ ਹੈ ਤਾਂ ਜੋ ਜ਼ਿਲ੍ਹੇ ’ਚੋਂ ਮਿਲ ਕੇ ਕੋਰੋਨਾ ਵਾਇਰਸ ਦੀ ਦਹਿਸ਼ਤ ਨੂੰ ਖਤਮ ਕੀਤਾ ਜਾ ਸਕੇ।
ਇਸ ਦੇ ਨਾਲ ਹੀ ਉੱਪਲ ਨੇ ਜ਼ਿਲ੍ਹੇ ’ਚ 30 ਜਨਵਰੀ 2020 ਤੋਂ ਬਾਅਦ ਵਿਦੇਸ਼ ਤੋਂ ਪਰਤੇ ਉਨ੍ਹਾਂ ਲੋਕਾਂ (ਐਨ ਆਰ ਆਈ ਜਾਂ ਵਿਦੇਸ਼ ਘੁੰਮਣ ਗਏ ਜ਼ਿਲ੍ਹੇ ਦੇ ਲੋਕ) ਨੂੰ ਵੀ ਆਪਣੀ ਸੂਚਨਾ ਤੁਰੰਤ ਇਸ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ’ਤੇ ਦਰਜ ਕਰਵਾਉਣ ਲਈ ਕਿਹਾ ਹੈ, ਜਿਨ੍ਹਾਂ ਨਾਲ ਅਜਿਹੇ ਲੋਕਾਂ ਤੱਕ ਸੰਪਰਕ ਕਰਨ ਲਈ ਬਣਾਈਆਂ ਟੀਮਾਂ ਦਾ ਸੰਪਰਕ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੇ ਵਿਦੇਸ਼ ਤੋਂ ਪਰਤੇ ਲੋਕਾਂ ਤੱਕ ਭਾਵੇਂ ਆਪਣੇ ਤੌਰ ’ਤੇ ਟੀਮਾਂ ਬਣਾ ਕੇ ਘਰ-ਘਰ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ 14 ਦਿਨ ਲਈ ਕੁਅਰਾਨਟਾਈਨ ਕੀਤਾ ਜਾ ਰਿਹਾ ਹੈ ਪਰੰਤੂ ਜੇਕਰ ਫ਼ਿਰ ਵੀ ਕੋਈ ਅਜਿਹਾ ਵਿਅਕਤੀ ਹੈ, ਜਿਹੜਾ ਟੀਮ ਦੇ ਸੰਪਰਕ ’ਚ ਅਜੇ ਤੱਕ ਨਹੀਂ ਆਇਆ, ਉਹ ਤੁਰੰਤ ਜ਼ਿਲ੍ਹਾ ਕੰਟਰੋਲ ਰੂਮ ’ਤੇ ਸੰਪਰਕ ਕਰੇ।