ਅਸ਼ੋਕ ਵਰਮਾ
- ਖੇਡਾਂ ਤੇ ਪੁਸਤਕਾਂ ਪ੍ਰਤੀ ਲਗਨ ਦੇ ਨਾਲ ਨਾਲ ਮਿਆਰੀ ਦੇਖ ਰੇਖ ਸਦਕਾ ਛੇਤੀ ਸਿਹਤਯਾਬ ਹੋਣ ਦੀ ਸੰਭਾਵਨਾ
ਮਾਨਸਾ, 2 ਅਗਸਤ 2020 - ਮਾਨਸਾ ਦੇ ਪਿੰਡ ਚੱਕ ਭਾਈ ਕੇ ਦਾ ਰਹਿਣ ਵਾਲਾ 8 ਸਾਲ ਦਾ ਬੱਚਾ ਕੋਵਿਡ ਕੇਅਰ ਸੈਂਟਰ ਵਿੱਚ ਵੀ ਆਪਣੀਆਂ ਉਸਾਰੂ ਗਤੀਵਿਧੀਆਂ ਕਾਰਨ ਕੋਰੋਨਾ ਨੂੰ ਪਛਾੜਨ ਲਈ ਯਤਨਸ਼ੀਲ ਰਹਿੰਦੇ ਹੋਏ ਦੂਜੇ ਮਰੀਜ਼ਾਂ ਲਈ ਆਸ ਦੀ ਕਿਰਨ ਬਣਿਆ ਹੈ। ਮਿਸ਼ਨ ਫ਼ਤਿਹ ਤਹਿਤ ਸਥਾਨਕ ਮਾਤਾ ਸੁੰਦਰੀ ਗਰਲਜ਼ ਕਾਲਜ ਵਿਖੇ ਸਥਾਪਿਤ ਕੋਵਿਡ ਕੇਅਰ ਸੈਂਟਰ ਵਿਖੇ ਇਹ ਬੱਚਾ ਹੱਸਦੇ ਖੇਡਦੇ ਹੋਏ ਵੱਖ-ਵੱਖ ਉਸਾਰੂ ਗਤੀਵਿਧੀਆਂ ਦਾ ਹਿੱਸਾ ਬਣ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਪਾਏ ਗਏ ਇਸ ਬੱਚੇ ਨੂੰ 24 ਜੁਲਾਈ ਨੂੰ ਦਾਖ਼ਲ ਕੀਤਾ ਗਿਆ ਸੀ, ਜਿਸ ਨੇ ਡਾਕਟਰਾਂ ਦੀ ਮਦਦ ਅਤੇ ਦ੍ਰਿੜਤਾ ਨਾਲ ਕੋਰੋਨਾ ਨੂੰ ਮਾਤ ਦੇਣ ਲਈ ਸਰਗਰਮ ਹੈ ਜਿਸ ਤਹਿਤ ਇਹ ਬੱਚਾ ਹੋਰ ਮਰੀਜ਼ਾਂ ਅੰਦਰ ਆਸ ਦੀ ਕਿਰਨ ਜਗਾ ਰਿਹਾ ਹੈ।
ਇੰਚਾਰਜ ਜ਼ਿਲ੍ਹਾ ਸੈਂਪਲਿੰਗ ਟੀਮ ਅਤੇ ਈ.ਐਨ.ਟੀ. ਸਪੈਸ਼ਲਿਸਟ ਡਾ. ਰਣਜੀਤ ਰਾਏ ਨੇ ਦੱਸਿਆ ਕਿ ਕੋਵਿਡ-ਕੇਅਰ ਸੈਂਟਰ ਵਿਚ ਆਪਣੇ ਪੀਰੀਅਡ ਦੌਰਾਨ ਇਹ ਬੱਚਾ ਬੈਡਮਿੰਟਨ ਖੇਡਦਾ, ਪੁਸਤਕ ਪੜ੍ਹਦਾ, ਟੀ.ਵੀ. ਵੇਖਦਾ ਅਤੇ ਸਵੇਰ ਦੀ ਪ੍ਰਾਰਥਨਾ ਵਿਚ ਸ਼ਾਮਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਹਰ ਇਕ ਨੂੰ ਪਰਿਵਾਰਕ ਮਾਹੌਲ ਮਿਲੇ ਤਾਂ ਜੋ ਮਰੀਜ਼ ਅੰਦਰ ਉਤਸ਼ਾਹ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਵੈ ਮਜ਼ਬੂਤ ਹੋ ਕੇ ਰਹਿਣ ਅਤੇ ਸਾਵਧਾਨੀਆਂ ਵਰਤਦੇ ਰਹਿਣ ਦੀ ਜ਼ਰੂਰਤ ਹੈ। ਜੇਕਰ ਕੋਈ ਕੋਰੋਨਾ ਤੋਂ ਪੀੜਤ ਹੈ ਤਾਂ ਡਰਨ ਦੀ ਬਜਾਇ ਸਾਵਧਾਨੀਆਂ ਵਰਤਦੇ ਹੋਏ ਆਪਣਾ ਇਲਾਜ਼ ਕਰਵਾ ਸਕਦਾ ਹੈ ਅਤੇ ਇਸ 8 ਸਾਲ ਦੇ ਬੱਚੇ ਦੀ ਤਰਾਂ ਜ਼ਿੰਦਗੀ ਨੂੰ ਜ਼ਿੰਦਾਬਾਦ ਕਹਿ ਕੇ ਕੋਰੋਨਾ ਤੇ ਫਤਿਹ ਪ੍ਰਾਪਤ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਪੀੜਤ ਲੋਕਾਂ ਦਾ ਮਨੋਬਲ ਉੱਚਾ ਚੁੱਕਣ ਲਈ ਕੋਵਿਡ ਕੇਅਰ ਸੈਂਟਰ ਵਿਚ ਰੋਜ਼ਾਨਾ ਹੀ ਉਸਾਰੂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਵਿੱਚ ‘ਗੱਲ ਪਤੇ ਦੀ, ਗੱਲ ਫ਼ਤਿਹ ਦੀ’ ਤਹਿਤ ਕਾਰਜ ਕਰਦਿਆਂ ਮਰੀਜ਼ਾਂ ਦਾ ਮਨੋਬਲ ਉੱਚਾ ਚੁੱਕਣ ਲਈ ਮਰੀਜ਼ਾਂ ਨੂੰ ਕਸਰਤ, ਹੱਥ ਧੋਣ ਦੀ ਤਕਨੀਕ, ਮੈਡੀਟੇਸ਼ਨ, ਯੋਗਾ ਅਤੇ ਗੁਰਬਾਣੀ ਨਾਲ ਵੀ ਜੋੜਿਆ ਜਾ ਰਿਹਾ ਹੈ, ਜਿਸ ਨਾਲ ਮਰੀਜ਼ ਵਧੀਆ ਮਹਿਸੂਸ ਕਰਦੇ ਹਨ ਅਤੇ ਇਸ ਬਿਮਾਰੀ ਨਾਲ ਲੜਨ ਲਈ ਮਾਨਸਿਕ ਤੌਰ ’ਤੇ ਤਿਆਰ ਹੁੰਦੇ ਹਨ। ਇਸ ਤਰ੍ਹਾਂ ਲਗਾਤਾਰ ਕੋਵਿਡ ਕੇਅਰ ਸੈਂਟਰ ਵਿਖੇ ਮਰੀਜ਼ਾਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ‘ਮਿਸ਼ਨ ਫ਼ਤਿਹ’ ਦੇ ਟੀਚੇ ਲਈ ਸਹਾਇਕ ਹਨ।