ਮੌਤ ਦਰ ਚ ਭਾਵੇਂ ਆਈ ਕਮੀ ਪਰ ਸਾਵਧਾਨੀਆਂ ਵਰਤਣ ਦੀ ਲੋੜ : ਡੀਸੀ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 3ਜੂਨ 2021:ਕਰੋਨਾ ਮਹਾਂਮਾਰੀ ਦੇ ਚਲਦਿਆਂ ਭਾਵੇਂ ਪਿਛਲੇ ਦਿਨਾਂ ਤੋਂ ਲਗਾਤਾਰ ਘਰੇਲੂ ਇਕਾਂਤਵਾਸ, ਨਵੇਂ ਤੇ ਐਕਟਿਵ ਕੇਸਾਂ ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਫ਼ਿਰ ਵੀ ਅਜੇ ਸਾਵਧਾਨੀਆਂ ਵਰਤਣ ਦੀ ਸਖ਼ਤ ਜ਼ਰੂਰਤ ਹੈ ਤਾਂ ਹੀ ਅਸੀਂ ਕਰੋਨਾ ਦੇ ਕਹਿਰ ਤੋਂ ਛੁਟਕਾਰਾ ਪਾ ਸਕਦੇ ਹਾਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਪ੍ਰਬੰਧਾਂ ਨੂੰ ਲੈ ਕੇ ਕੀਤੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਨੇ ਰੋਜ਼ਾਨਾ ਕੀਤੀ ਜਾਣ ਵਾਲੀ ਇਸ ਸਮੀਖਿਆ ਬੈਠਕ ਦੌਰਾਨ ਅਧਿਕਾਰੀਆਂ ਕੋਲੋਂ ਘਰੇਲੂ ਇਕਾਂਤਵਾਸ, ਕਰੋਨਾ ਟੈਸਟਿੰਗ, ਵੈਕਸੀਨੇਸ਼ਨ, ਆਕਸੀਜਨ ਗੈਸ, ਲੈਵਲ 2-3 ਦੇ ਬੈੱਡਾਂ ਦੀ ਸਥਿਤੀ ਤੋਂ ਇਲਾਵਾ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਲਗਾਏ ਜਾ ਰਹੇ ਰੋਜ਼ਾਨਾ ਕਰੋਨਾ ਟੈਸਟਿੰਗ ਕੈਂਪਾਂ ਦੀ ਸਥਿਤੀ ਨੂੰ ਬਾਰੀਕੀ ਨਾਲ ਵਾਚਿਆ।
ਬੈਠਕ ਦੌਰਾਨ ਬੀ.ਸ਼੍ਰੀਨਿਵਾਸਨ ਨੇ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਕਰੋਨਾ ਮੁਕਤ ਪਿੰਡ ਮੁਹਿੰਮ ਤਹਿਤ ਕਰੋਨਾ ਟੈਸਟਿੰਗ ਦੀ ਸਮੀਖਿਆ ਕਰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ 315 ਪਿੰਡਾਂ ਵਿਚ 15 ਜੂਨ ਤੱਕ ਪਹਿਲੇ ਪੜ੍ਹਾਅ ਦੀ ਕਰੋਨਾ ਟੈਸਟਿੰਗ ਮੁਕੰਮਲ ਕਰਕੇ ਦੁਬਾਰਾ ਦੂਜੇ ਪੜ੍ਹਾਅ ਦੀ ਕਰੋਨਾ ਟੈਸਟਿੰਗ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰੀ ਖੇਤਰ ਦੇ ਨਾਲ-ਨਾਲ ਪੇਂਡੂ ਖੇਤਰ ਕਰੋਨਾ ਟੈਸਟਿੰਗ ਚ ਤੇਜ਼ੀ ਲਿਆਉਦਿਆਂ ਹੋਰ ਟੀਮਾਂ ਦਾ ਗਠਨ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਨੂੰ ਮੁਕੰਮਲ ਤੌਰ ਤੇ ਕਰੋਨਾ ਮੁਕਤ ਕਰਨ ਲਈ ਧਾਰਮਿਕ ਸਥਾਨਾਂ ਤੋਂ ਵੀ ਸਹਿਯੋਗ ਲੈ ਕੇ ਵੱਧ ਤੋਂ ਵੱਧ ਕੈਂਪ ਲਗਾ ਕੇ ਕਰੋਨਾ ਟੈਸਟਿੰਗ ਕੀਤੀ ਜਾਵੇ।
ਇਸ ਮੌਕੇ ਸਿਖਲਾਈ ਅਧੀਨ ਆਈ.ਏ.ਐਸ. ਨਿਕਾਸ ਕੁਮਾਰ, ਏਡੀਸੀ ਜਨਰਲ ਰਾਜਦੀਪ ਸਿੰਘ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡਾ. ਯਾਦਵਿੰਦਰ ਸਿੰਘ, ਕਰੋਨਾ ਸੈੱਲ ਦੇ ਜ਼ਿਲ੍ਹਾ ਇੰਚਾਰਜ ਮਨਪ੍ਰੀਤ ਸਿੰਘ ਅਰਸ਼ੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਭਿਨਵ ਆਦਿ ਅਧਿਕਾਰੀ ਹਾਜ਼ਰ ਸਨ।