ਬਾਬੂਸ਼ਾਹੀ ਸਪੈਸ਼ਲ ਸਟੋਰੀ: ਜਲੰਧਰ ਚੋਣ ਅਕਾਲੀ ਦਲ ਲਈ ਵੱਡੀ ਚੁਣੌਤੀ, ਦੇਖੋ ਕੀ ਬਣੇਗਾ?
ਸ਼੍ਰੋਮਣੀ ਅਕਾਲੀ ਦਲ ਲਈ ਜਲੰਧਰ ਕੈਂਟ ਵਿਧਾਨ ਸਭਾ ਹਲਕਾ ਵੱਡੀ ਚੁਣੌਤੀ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 3 ਅਪ੍ਰੈਲ 2023 : ਸ਼੍ਰੋਮਣੀ ਅਕਾਲੀ ਦਲ ਲਈ ਜਲੰਧਰ ਕੈਂਟ ਵਿਧਾਨ ਸਭਾ ਹਲਕਾ ਵੱਡੀ ਚਣੌਤੀ ਬਣ ਗਿਆ ਹੈ ਕਿਉਂਕਿ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤੇ ਉਸਤੋਂ ਪਹਿਲਾਂ ਦੇਖੋਂ ਇੱਕ ਖਾਸ ਰਿਪੋਰਟ--
2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਝਟਕਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਜਗਬੀਰ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੀ ਤੇ ਉਸ ਵਕਤ ਜਲੰਧਰ ਕੈਂਟ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਮਜ਼ਬੂਤੀ ਨਾਲ ਸਰਬਜੀਤ ਸਿੰਘ ਮੱਕੜ ਕੰਮ ਕਰ ਰਹੇ ਸਨ ਤੇ ਪਾਰਟੀ ਨੇ ਜਗਬੀਰ ਸਿੰਘ ਬਰਾੜ ਨੂੰ ਜਲੰਧਰ ਕੈਂਟ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਦੇ ਦਿੱਤੀ ਸੀ ਤੇ ਸਰਬਜੀਤ ਸਿੰਘ ਮੱਕੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਨੂੰ 27387 ਵੋਟਾਂ ਮਿਲੀਆਂ ਸਨ ਜਦਕਿ ਭਾਜਪਾ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੂੰ 15946 ਵੋਟਾਂ ਮਿਲੀਆਂ ਸਨ। ਦੋਵੇਂ ਉਮੀਦਵਾਰ ਜਲੰਧਰ ਕੈਂਟ ਤੋਂ ਮਜ਼ਬੂਤ ਸਨ।
ਹੁਣ ਔਖੇ ਟਾਇਮ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਲੜਨੀ ਹੈ ਤੇ, ਉਸਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਜਲੰਧਰ ਲੋਕ ਸਭਾ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਜਲੰਧਰ ਕੈਂਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਮੋਜੂਦਾ ਸਰਕਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਇਸ ਤੋਂ ਅੱਗੇ ਵੀ ਦੇਖਣ ਵਾਲੀ ਗੱਲ ਹੋਵੇਗੀ ਆਮ ਆਦਮੀ ਪਾਰਟੀ ਕਿਸ ਪਾਰਟੀ ਦੇ ਵੱਡੇ ਆਹੁਦੇਦਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਂਦੀ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਨੇ ਜਲੰਧਰ ਕੈਂਟ ਦੇ ਹਲਕੇ ਵਿੱਚੋਂ ਦੂਸਰੀ ਪਾਰਟੀ ਦੇ ਵਿੱਚੋਂ ਆਏ ਉਮੀਦਵਾਰ ਤੇ ਵਿਸ਼ਵਾਸ ਕਰ ਪੁਰਾਣੇ ਉਮੀਦਵਾਰ ਨੂੰ ਵੀ ਭਾਜਪਾ ਵਿੱਚ ਜਾਣ ਦੇ ਦਿੱਤਾ ਤੇ ਦੂਸਰੀ ਪਾਰਟੀ ਵਾਲਾ ਉਮੀਦਵਾਰ ਵੀ ਅਗਲੇ ਚਾਰ ਸਾਲ ਸੱਤਾ ਦੇ ਨਜ਼ਾਰੇ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ।
ਇਸ ਲੋਕ ਸਭਾ ਹਲਕੇ ਵਿਚ ਨੌਂ ਵਿਧਾਨ ਸਭਾ ਹਲਕੇ ਹਨ ਜਿਨ੍ਹਾਂ ਵਿੱਚੋਂ ਪੰਜ ਤੇ ਕਾਂਗਰਸ ਤੇ ਚਾਰ ਤੇ ‘ਆਪ’ ਦੇ ਵਿਧਾਇਕ ਜਿੱਤੇ ਸਨ। ਰਵਾਇਤੀ ਤੌਰ ’ਤੇ ਜਲੰਧਰ ਲੋਕ ਸਭਾ ਹਲਕਾ, ਕਾਂਗਰਸ ਪਾਰਟੀ ਦੇ ਹੱਕ ਵਿਚ ਰਿਹਾ ਹੈ। ਕਾਂਗਰਸ ਪਾਰਟੀ ਨੇ ਮਰਹੂਮ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਵਿਧਵਾ ਕਰਮਜੀਤ ਕੌਰ ਨੂੰ ਕੁਝ ਦਿਨ ਪਹਿਲਾਂ ਉਮੀਦਵਾਰ ਐਲਾਨ ਕੇ ਲੀਡ ਲੈ ਲਈ ਹੈ।
ਬਾਕੀ ਪਾਰਟੀਆਂ ਨੂੰ ਉਮੀਦਵਾਰ ਐਲਾਨੇ ਵਿਚ ਕੁਝ ਦਿਨ ਲਗ ਜਾਣਗੇ ਤੇ ਸੰਭਵ ਹੈ ਕਿ ਹਾਕਮ ਧਿਰ ਨੂੰ ਵੱਧ ਸਮਾਂ ਲੱਗ ਜਾਵੇ। ਇਸ ਵੇਲੇ ਪੰਜਾਬ ਵਿਚ ਦੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ’ਤੇ ਸਭ ਦੀ ਨਜ਼ਰ ਰਹੇਗੀ।
ਭਾਜਪਾ ਪਿਛਲੇ ਕਾਫੀ ਅਰਸੇ ਤੋਂ ਆਪਣੇ ਆਪ ਨੂੰ ਵੱਡੀ ਧਿਰ ਵਜੋਂ ਉਭਾਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ, ਉਸ ਨੂੰ ਹਲਕੇ ਦੇ ਵੋਟਰ ਕਿਸੇ ਥਾਂ ਤੇ ਰੱਖਣਗੇ, ਦੇਖਣਾ ਮਹੱਤਵਪੂਰਨ ਹੋਵੇਗਾ। ਭਾਜਪਾ ਵੱਲੋਂ ਰਾਜੇਸ਼ ਬਾਘਾ ਤੇ ਅਕਾਲੀ ਦਲ ਵਲੋਂ ਪਵਨ ਟੀਨੂੰ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ਦੱਸੀ ਜਾ ਰਹੀ ਹੈ। ਆਮ ਆਦਮੀ ਪਾਰਟੀ ਕਿਸੇ ਕੱਦਾਵਰ ਨੇਤਾ ਦੀ ਭਾਲ ਵਿਚ ਹੈ।
ਪਰ ਜਲੰਧਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਝਟਕਾ ਹੈ, ਕਿਉਂਕਿ ਜਲੰਧਰ ਕੈਂਟ ਤੋਂ ਅਕਾਲੀ ਦਲ ਦਾ ਚੰਗਾ ਵੋਟ ਬੈਂਕ ਸੀ ਤੇ ਜਗਬੀਰ ਸਿੰਘ ਬਰਾੜ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਨਾਲ ਜਲੰਧਰ ਕੈਂਟ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ।