ਵਿੱਤ ਮੰਤਰੀ ਹਰਪਾਲ ਚੀਮਾਂ ਅਤੇ ਜਲੰਧਰ ਦੇ ਉਦਯੋਗਪਤੀਆਂ ਵਿਚਕਾਰ ਹੋਈ ਅਹਿਮ ਮੁਲਾਕਾਤ
- ਮਾਨ ਸਰਕਾਰ ਸੂਬੇ ਦੀ ਉਦਯੋਗਿਕ ਤਰੱਕੀ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ- ਵਿੱਤ ਮੰਤਰੀ ਹਰਪਾਲ ਚੀਮਾ
- ਹੁਣ ਹਰ ਤਰ੍ਹਾਂ ਦੇ ਉਦਯੋਗ ਲਈ ਲੋੜੀਂਦੀ NOC ਮਿਲੇਗੀ ਇੱਕੋ ਛੱਤ ਦੇ ਥੱਲੇ- ਸ. ਚੀਮਾ
- ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਉਦਯੋਗ ਨੂੰ ਵਿਕਾਸ ਦੀ ਥਾਂ ਤਬਾਹੀ ਵੱਲ ਤੋਰਿਆ- ਸ਼ੁਸ਼ੀਲ ਕੁਮਾਰ ਰਿੰਕੂ
ਜਲੰਧਰ, 18 ਅਪ੍ਰੈਲ 2023 - ਯੁਨਾਈਟਡ ਫ਼ੋਰਮ ਆਫ ਇੰਡਸਟਰੀ ਐਂਡ ਟਰੇਡ ਜਲੰਧਰ ਦੇ ਅਹੁਦੇਦਾਰਾਂ ਨੇ ਅੱਜ ਜਲੰਧਰ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨਾਲ ਮੁਲਾਕਾਤ ਕਰ ਉਦਯੋਗਪਤੀਆਂ 'ਤੇ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਹੋਰ ਸੁਝਾਵਾਂ ਬਾਰੇ ਇੱਕ ਮੰਗ ਪੱਤਰ ਸੌਂਪਿਆ ਗਿਆ। ਵਿੱਤ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਦੇ ਛੇਤੀ ਹੱਲ ਲਈ ਭਰੋਸਾ ਦਿੰਦਿਆਂ ਮੁਲਾਕਾਤ ਵਿੱਚ ਸ਼ਾਮਿਲ ਹੋਏ ਸਮੂਹ ਉਦਯੋਗਪਤੀਆਂ ਨੂੰ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਇੰਡਸਟਰੀ ਦੀ ਭਲਾਈ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਇੰਡਸਟਰੀ ਦੀ ਉੱਨਤੀ ਲਈ ਇੱਕ ਐਸੀ ਪਾਲਿਸੀ ਘੜੀ ਹੈ ਜਿਸ ਵਿੱਚ ਹਰ ਤਰ੍ਹਾਂ ਦੇ ਉਦਯੋਗ ਦੀ ਸਥਾਪਤੀ ਲਈ ਲੋੜੀਂਦੀ ਹਰ ਐੱਨ.ਓ.ਸੀ (NOC) ਇੱਕੋ ਛੱਤ ਥੱਲੇ ਮੁਹੱਈਆ ਕਰਵਾਈ ਜਾਇਆ ਕਰੇਗੀ। ਉਨ੍ਹਾਂ ਦੱਸਿਆ ਕਿ ਉਦਯੋਗ ਲਗਾਉਣ ਲਈ ਪਹਿਲਾਂ ਵੱਖ-ਵੱਖ ਵਿਭਾਗਾਂ ਤੋਂ ਕਲੀਅਰੈਂਸ ਲੈਣ ਲਈ ਬਹੁਤ ਖੱਜਲ-ਖੁਆਰ ਹੋਣਾ ਪੈਂਦਾ ਸੀ ਜਿਸਨੂੰ ਖਤਮ ਕਰਨ ਲਈ ਮੁੱਖ-ਮੰਤਰੀ ਭਗਵੰਤ ਮਾਨ ਨੇ ਐਸੀ ਪਾਲਿਸੀ ਤਿਆਰ ਕਰਨ ਲਈ ਕਿਹਾ ਸੀ ਜਿਸ ਵਿੱਚ ਉਦਯੋਗ ਸਥਾਪਤੀ ਲਈ ਜ਼ਮੀਨ ਦੀ ਰਜਿਸਟਰੀ ਦੇ ਨਾਲ ਹੀ ਲੋੜੀਂਦੀਆਂ ਐੱਨ.ਓ.ਸੀ (NOC) ਦੀ ਫ਼ੀਸ ਜਮ੍ਹਾਂ ਕਰਵਾਕੇ ਕਲੀਅਰੈਂਸ ਦਾ ਕੰਮ ਵੀ ਨਾਲ ਹੀ ਨੇਪਰੇ ਚੜ ਸਕੇ।
ਚੀਮਾ ਨੇ ਕਿਹਾ ਕਿ ਉਦਯੋਗ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਰੱਕੀ ਵਿੱਚ ਰੀੜ ਦੀ ਹੱਡੀ ਬਣ ਅਹਿਮ ਭੂਮਿਕਾ ਅਦਾ ਕਰਦੇ ਹਨ। ਇਸ ਨਾਲ ਜਿੱਥੇ ਰੈਵੀਨਿਊ ਵਿੱਚ ਵਾਧਾ ਹੁੰਦਾ ਹੈ, ਉੱਥੇ ਰੁਜ਼ਗਾਰ ਦੇ ਵੀ ਅਣਗਿਣਤ ਮੌਕੇ ਪੈਦਾ ਹੁੰਦੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਮੁੱਖ-ਮੰਤਰੀ ਭਗਵੰਤ ਮਾਨ ਜਲੰਧਰ ਸਮੇਤ ਸੂਬੇ ਭਰ ਦੇ ਉਦਯੋਗਪਤੀਆਂ ਨੂੰ ਦਰਪੇਸ਼ ਹਰ ਤਰ੍ਹਾਂ ਦੀਆਂ ਔਕੜਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਜਲਦ ਹੀ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਕੱਢਿਆ ਜਾਵੇਗਾ।
ਇਸ ਉਪਰੰਤ ਲੋਕ ਸਭਾ ਹਲਕਾ ਜਲੰਧਰ ਤੋਂ ਜ਼ਿਮਨੀ ਚੋਣ ਦੌਰਾਨ ‘ਆਪ ਦੇ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੇ ਹਾਜ਼ਿਰ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਡਸਟਰੀ ਦੇਸ਼ ਅਤੇ ਖਿੱਤੇ ਦੇ ਵਿਕਾਸ ਦੀ ਨੀਂਹ ਦੇ ਵਾਂਗ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਜਿਹੜੇ ਵੀ ਸੂਬੇ ਦਾ ਨਾਮ ਪਹਿਲੀ ਸੂਚੀ ਵਿੱਚ ਦਰਜ ਹੈ, ਉਨ੍ਹਾਂ ਦੇ ਵਿਕਾਸ ਵਿੱਚ ਸਭ ਤੋਂ ਵੱਡਾ ਯੋਗਦਾਨ ਉਨ੍ਹਾਂ ਸੂਬਿਆਂ ਦੇ ਉਦਯੋਗਾਂ ਦਾ ਹੈ।
ਰਿੰਕੂ ਨੇ ਕਿਹਾ ਕਿ ਉਦਯੋਗਾਂ ਦੇ ਵਧਣ-ਫੁੱਲਣ ਲਈ ਢੁੱਕਵਾਂ ਮਾਹੌਲ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦਾ ਇੰਡਸਟਰੀ ਦੀ ਉੱਨਤੀ ਪ੍ਰਤੀ ਰਵੱਈਆ ਬੜਾ ਹੀ ਉਦਾਸੀਨ ਤੇ ਨਿਰਾਸ਼ਾਜਨਕ ਸੀ ਪਰ ਹੁਣ ਉਹ ਦੌਰ ਬੀਤ ਚੁੱਕਾ ਹੈ ਅਤੇ ਇਮਾਨਦਾਰ ਮਾਨ ਸਰਕਾਰ ਆਪਣੇ ਉਦਯੋਗਪਤੀਆਂ ਨੂੰ ਕਿਸੇ ਵੀ ਤਰ੍ਹਾਂ ਮੁਸ਼ਕਿਲ ਪੇਸ਼ ਨਹੀਂ ਆਉਣ ਦੇਵੇਗੀ।
ਮੀਟਿੰਗ ਵਿੱਚ ਸ਼ਾਮਿਲ ਯੁਨਾਈਟਡ ਫ਼ੋਰਮ ਆਫ ਇੰਡਸਟਰੀ ਐਂਡ ਟਰੇਡ ਜਲੰਧਰ ਦੇ ਅਹੁਦੇਦਾਰਾਂ ਨੇ ਵੀ ਭਗਵੰਤ ਮਾਨ ਸਰਕਾਰ ਵਲੋਂ ਸੂਬੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਮੁੱਖ ਮੰਤਰੀ ਦੇ ਨਾਮ ਇਕ ਮੰਗ ਪੱਤਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸੌਂਪਿਆ । ਜਿੰਨ੍ਹਾਂ ਦੇ ਛੇਤੀ ਤੋਂ ਛੇਤੀ ਹੱਲ ਲਈ ਵਿੱਤ ਮੰਤਰੀ ਨੇ ਆਪਣਾ ਵਾਅਦਾ ਦੁਹਰਾਇਆ।