ਲੋਕੇਸ਼ ਰਿਸ਼ੀ
ਗੁਰਦਾਸਪੁਰ, 24 ਮਾਰਚ 2020- ਕੋਵਿਡ 19 ਕਾਰਨ ਸੂਬੇ ਭਰ ਅੰਦਰ ਲਾਗੂ ਕੀਤੇ ਗਏ ਕਰਫ਼ਿਊ ਦੌਰਾਨ ਗੁਰਦਾਸਪੁਰ ਵਾਸੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਇੱਥੋਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਕੁੱਝ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੀਤੇ ਗਏ ਇਸ ਉਪਰਾਲੇ ਨਾਲ ਜਿੱਥੇ ਇੱਕ ਪਾਸੇ ਮਰੀਜ਼ਾਂ ਨੂੰ ਇਲਾਜ ਕਰਵਾਉਣ ਸਬੰਧੀ ਭਾਰੀ ਰਾਹਤ ਮਿਲੇਗੀ। ਉੱਥੇ ਨਾਲ ਹੀ ਆਮ ਲੋਕਾਂ ਨੂੰ ਦਵਾਈਆਂ ਅਤੇ ਦੁੱਧ ਆਦੀ ਜਿਹੀਆਂ ਜ਼ਰੂਰੀ ਸਹੂਲਤਾਂ ਘਰ ਬੈਠੇ ਹੀ ਪ੍ਰਾਪਤ ਹੋਣਗੀਆਂ।
ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਵੱਲੋਂ ਜਾਰੀ ਕੀਤੇ ਗਏ ਹੁਕਮ ਮੁਤਾਬਿਕ ਜ਼ਿਲ੍ਹਾ ਗੁਰਦਾਸਪੁਰ ਅਤੇ ਬਟਾਲਾ ਵਿਖੇ ਮਾਨਤਾ ਪ੍ਰਾਪਤ ਮੈਡੀਕਲ ਸਟੋਰਾਂ ਵੱਲੋਂ ਆਪਣੇ ਮਰੀਜ਼ਾਂ ਨੂੰ ਸਿਰਫ਼ ਇੱਕ ਵਟਸਐਪ ਮੈਸੇਜ ਕਰਨ ਨਾਲ ਘਰ ਬੈਠਿਆਂ ਹੀ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਹੁਕਮਾਂ ਮੁਤਾਬਿਕ ਇਲਾਕੇ ਵਿਖੇ ਹਰੇਕ ਮਾਨਤਾ ਪ੍ਰਾਪਤ ਮੈਡੀਕਲ ਸਟੋਰ ਵੱਲੋਂ ਆਪਣਾ ਇੱਕ ਇੱਕ ਵਾਸਟਸਐਪ-ਮੋਬਾਈਲ ਨੰਬਰ ਜਾਰੀ ਕੀਤਾ ਗਿਆ ਹੈ। ਜਿਸ ਦੀ ਇੱਕ ਵਿਸ਼ੇਸ਼ ਲਿਸਟ ਤਿਆਰ ਕੀਤੀ ਜਾ ਚੁੱਕੀ ਹੈ। ਮਰੀਜ਼ ਜਾਂ ਉਸ ਦਾ ਤਿਮਾਰਦਾਰ ਇਹਨਾਂ ਨੰਬਰਾਂ ਉੱਪਰ ਲੋੜੀਂਦੀਆਂ ਦਵਾਈਆਂ ਸਬੰਧੀ ਮੈਸੇਜ ਕਰ ਸਕਦਾ ਹੈ ਅਤੇ ਦੁਕਾਨਦਾਰ ਆਪ ਉਸ ਮਰੀਜ਼ ਤੱਕ ਲੋੜੀਂਦੀਆਂ ਦਵਾਈਆਂ ਨੂੰ ਪਹੁੰਚਾਉਣਾ ਯਕੀਨੀ ਬਣਾਵੇ ਗਾ। ਹੁਕਮਾਂ ਮੁਤਾਬਿਕ ਇਹ ਸੁਵਿਧਾ ਸਾਰੇ ਮੈਡੀਕਲ ਸਟੋਰਾਂ ਦੀ ਬਜਾਏ ਕੁੱਝ ਵਿਸ਼ੇਸ਼ ਆਗਿਆ ਪ੍ਰਾਪਤ ਮੈਡੀਕਲ ਸਟੋਰਾਂ ਵੱਲੋਂ ਹੀ ਮੁਹੱਈਆ ਕਰਵਾਈ ਜਾ ਸਕੇਗੀ ਅਤੇ ਡਰੱਗ ਇੰਸਪੈਕਟ ਬਟਾਲਾ 'ਤੇ ਗੁਰਦਾਸਪੁਰ ਵੱਲੋਂ ਇਹਨਾਂ ਮੈਡੀਕਲ ਸਟੋਰਾਂ ਨੂੰ ਆਗਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਪਰੋਕਤ ਸੁਵਿਧਾ ਮੁਹੱਈਆ ਕਰਵਾਉਣ ਵਾਲੇ ਲੋਕ ਦਵਾਈਆਂ ਪਹੁੰਚਾਉਣ ਸਬੰਧੀ ਵੱਧ ਤੋਂ ਵੱਧ ਦੋ ਲੋਕਾਂ ਦੀ ਨਿਯੁਕਤੀ ਕਰ ਸਕਦੇ ਹਨ ਅਤੇ ਇਹਨਾਂ ਨੂੰ ਵੀ ਡਰੱਗ ਇੰਸਪੈਕਟ ਬਟਾਲਾ 'ਤੇ ਗੁਰਦਾਸਪੁਰ ਆਗਿਆ ਪ੍ਰਾਪਤ ਕਰਨੀ ਪਵੇਗੀ। ਇਸ ਦੇ ਨਾਲ ਹੀ ਇਹ ਸੁਵਿਧਾ ਦੇਣ ਵਾਲੇ ਦਵਾਈ ਵਿਕਰੇਤਾ ਹਰੇਕ ਮਰੀਜ਼ ਅਤੇ ਦਵਾਈਆਂ ਦਾ ਲੋੜੀਂਦਾ ਰਿਕਾਰਡ ਨਾ ਸਿਰਫ਼ ਆਪਣੇ ਕੋਲ ਸੁਰੱਖਿਅਤ ਰੱਖਣਗੇ। ਬਲ ਕੀ ਇਸ ਦੀ ਜਾਣਕਾਰੀ ਨਾਲ ਦੀ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਵੀ ਸਾਂਝੀ ਕਰਨਗੇ।
ਇਸ ਦੇ ਨਾਲ ਹੀ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ ਹੁਣ ਇੰਡੀਅਨ ਮੈਡੀਕਲ ਐਸੋਸੀਏਸ਼ਨ ਗੁਰਦਾਸਪੁਰ ਅਤੇ ਬਟਾਲਾ ਦੇ ਮਾਨਤਾ ਪ੍ਰਾਪਤ ਕੁੱਝ ਪ੍ਰਾਈਵੇਟ ਡਾਕਟਰ ਵੀ ਪੰਜਾਬ ਮੈਡੀਕਲ ਕਾਉਂਸਲ ਵੱਲੋਂ ਸੁਝਾਈਆਂ ਗਈਆਂ ਤਿੰਨ ਮੁੱਖ ਸਿਹਤ ਸਹੂਲਤਾਂ ਪ੍ਰਦਾਨ ਕਰ ਸਕਣਗੇ। ਇਹਨਾਂ ਸਹੂਲਤਾਂ ਮੁਤਾਬਿਕ ਡਾਕਟਰ ਆਪਣੇ ਮਰੀਜ਼ ਨਾਲ ਵਟਸਐਪ ਤੇ ਸੰਪਰਕ ਕਰਨ ਮਗਰੋਂ ਉਨ੍ਹਾਂ ਨੂੰ ਦਵਾਈਆਂ ਲਿਖ ਕੇ ਮੈਸੇਜ ਕਰ ਸਕਦੇ ਹਨ। ਜੋ ਮਾਨਤਾ ਪ੍ਰਾਪਤ ਮੈਡੀਕਲ ਸਟੋਰਾਂ ਵੱਲੋਂ ਆਪ ਹੀ ਮਰੀਜ਼ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜੇਕਰ ਕਿਸੇ ਕੇਸ ਵਿੱਚ ਮਰੀਜ਼ ਜ਼ਿਆਦਾ ਸੀਰੀਅਸ ਹੈ ਜਾਂ ਉਸ ਕੋਲ ਜ਼ਿਆਦਾ ਸਮਾਂ ਬਾਕੀ ਨਹੀਂ ਹੈ। ਤਾਂ ਡਾਕਟਰ ਕੋਰੋਨਾ ਵਾਇਰਸ ਸਬੰਧੀ ਲੋੜੀਂਦੇ ਉਪਾਅ ਅਮਲ ਵਿੱਚ ਲਿਆ ਕੇ ਉਸ ਮਰੀਜ਼ ਦਾ ਇਲਾਜ ਕਰ ਸਕਦਾ ਹੈ। ਬਸ਼ਰਤੇ ਉਸ ਡਾਕਟਰ ਦੇ ਹਸਪਤਾਲ ਵਿਖੇ ਇੱਕ ਸਮੇਂ ਦੌਰਾਨ ਵੱਧ ਮਰੀਜ਼ ਮੌਜੂਦ ਨਾ ਹੋਣ। ਜਾਰੀ ਹੁਕਮਾਂ ਮੁਤਾਬਿਕ ਉਪਰੋਕਤ ਸੇਵਾਵਾਂ ਸਾਰੇ ਡਾਕਟਰਾਂ ਵੱਲੋਂ ਨਹੀਂ ਦਿੱਤੀਆਂ ਜਾ ਸਕਣਗੀਆਂ। ਬਲ ਕੀ ਇਸ ਸਬੰਧੀ ਬਾਕਾਇਦਾ ਸੀ.ਐਮ.ਓ ਗੁਰਦਾਸਪੁਰ, ਇੰਡੀਅਨ ਮੈਡੀਕਲ ਐਸੋਸੀਏਸ਼ਨ ਬਟਾਲਾ ਅਤੇ ਗੁਰਦਾਸਪੁਰ ਦੇ ਪ੍ਰਧਾਨ ਵੱਲੋਂ ਆਗਿਆ ਪ੍ਰਾਪਤ ਡਾਕਟਰ ਹੀ ਇਹ ਸੇਵਾਵਾਂ ਦੇ ਸਕਣਗੇ।
ਇਹ ਸਿਹਤ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਜੇਕਰ ਕਿਸੇ ਮਰੀਜ਼ ਨੂੰ ਜ਼ਿਲ੍ਹੇ ਦੇ ਜਾਂ ਜ਼ਿਲ੍ਹੇ ਤੋਂ ਬਾਹਰਲੇ ਹਸਪਤਾਲ ਵਿਖੇ ਰੈਫ਼ਰ ਕੀਤੇ ਜਾਣ ਦੀ ਲੋੜ ਪੈਂਦੀ ਹੈ। ਤਾਂ ਉਸ ਸਬੰਧੀ ਵੀ ਇੱਕ ਵਾਰ ਦਾ ਪਰਮਿਟ ਲੈਣਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਬਾਕੀਆਂ ਵਾਂਗ ਇਹ ਡਾਕਟਰ ਵੀ ਕਰਫ਼ਿਊ ਦੌਰਾਨ ਇਲਾਜ ਲਈ ਆਏ ਹਰੇਕ ਮਰੀਜ਼ ਸਬੰਧੀ ਲੋੜੀਂਦੀ ਜਾਣਕਾਰੀ ਸੁਰੱਖਿਅਤ ਰੱਖਣਗੇ ਅਤੇ ਨਾਲ ਹੀ ਉਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਸਾਂਝੀ ਕਰਨਗੇ।
ਹੁਕਮਾਂ ਦੇ ਤੀਜੇ ਬਿੰਦੂ ਮੁਤਾਬਿਕ ਕਰਫ਼ਿਊ ਦੌਰਾਨ ਕਿਸੇ ਵੀ ਜ਼ਿਲ੍ਹਾ ਵਾਸੀ ਨੂੰ ਦੁੱਧ ਲੈਣ ਲਈ ਘਰੋਂ ਨਹੀਂ ਨਿਕਲਣਾ ਪਵੇਗਾ। ਬਲ ਕੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਤਾ ਪ੍ਰਾਪਤ ਵੇਰਕਾ ਅਤੇ ਅਮੂਲ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਇਹ ਸੇਵਾ ਘਰ ਬੈਠਿਆਂ ਹੀ ਮੁਹੱਈਆ ਕਰਵਾਈ ਜਾਵੇਗੀ। ਇਹ ਮਾਨਤਾ ਪ੍ਰਾਪਤ ਕਰਮਚਾਰੀ ਸਵੇਰੇ 5 ਤੋਂ 9 ਅਤੇ ਸ਼ਾਮ 5 ਤੋਂ ਅੱਠ ਵਜੇ ਤੱਕ ਲੋਕਾਂ ਦੇ ਘਰ ਘਰ ਜਾ ਕੇ ਉਨ੍ਹਾਂ ਨੂੰ ਦੁੱਧ ਮੁਹੱਈਆ ਕਰਵਾਉਣਗੇ